ਹਿਰਾਸਤ ‘ਚ ਲਏ 3 ਨੇਤਾਵਾਂ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੀਤਾ ਰਿਹਾਅ

0
79
Share this post

 

ਸ਼੍ਰੀਨਗਰ —  10 ਅਕਤੂਬਰ (5ਆਬ ਨਾਉ ਬਿਊਰੋ)

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 5 ਅਗਸਤ 2019 ਨੂੰ ਸੂਬੇ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਹਿਰਾਸਤ ‘ਚ ਲਏ ਗਏ 3 ਨੇਤਾਵਾਂ ਨੂੰ ਵੀਰਵਾਰ ਨੂੰ ਰਿਹਾਅ ਕਰ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਯਾਵਰ ਮੀਰ, ਨੂਰ ਮੁਹੰਮਦ ਅਤੇ ਸ਼ੋਇਬ ਲੋਨ ਨੂੰ ਵੱਖ-ਵੱਖ ਆਧਾਰ ‘ਤੇ ਰਿਹਾਅ ਕੀਤਾ ਗਿਆ ਹੈ। ਰਿਹਾਅ ਕੀਤੇ ਜਾਣ ਤੋਂ ਪਹਿਲਾਂ ਨੂਰ ਮੁਹੰਮਦ ਨੇ ਇਕ ਸਹੁੰ ਪੱਤਰ ‘ਤੇ ਦਸਤਖਤ ਕਰ ਕੇ ਸ਼ਾਂਤੀ ਬਣਾ ਕੇ ਰੱਖਣ ਅਤੇ ਚੰਗੇ ਵਿਵਹਾਰ ਦਾ ਵਾਅਦਾ ਕੀਤਾ। ਇੱਥੇ ਦੱਸ ਦੇਈਏ ਨੂਰ ਮੁਹੰਮਦ ਨੈਸ਼ਨਲ ਕਾਨਫਰੰਸ ਦੇ ਵਰਕਰ ਹਨ। ਜਦਕਿ ਯਾਵਰ ਮੀਰ ਰਾਫੀਆਬਾਦ ਵਿਧਾਨ ਸਭਾ ਸੀਟ ਤੋਂ ਸਾਬਕਾ ਵਿਧਾਇਕ ਰਹਿ ਚੁੱਕੇ ਹਨ। ਸ਼ੋਇਬ ਲੋਨ ਨੇ ਕਾਂਗਰਸ ਦੀ ਟਿਕਟ ਤੋਂ ਉੱਤਰੀ ਕਸ਼ਮੀਰ ਤੋਂ ਚੋਣ ਲੜੀ ਸੀ, ਜਿਸ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੇ ਬਾਅਦ ਵਿਚ ਕਾਂਗਰਸ ਛੱਡ ਦਿੱਤੀ ਸੀ।

ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਪੀਪਲਜ਼ ਕਾਨਫਰੰਸ ਦੇ ਇਮਰਾਨ ਅੰਸਾਰੀ ਅਤੇ ਸੈਯਦ ਅਖੂਨ ਨੂੰ ਸਿਹਤ ਕਾਰਨਾਂ ਕਰ ਕੇ21 ਸਤੰਬਰ ਨੂੰ ਰਿਹਾਅ ਕੀਤਾ ਸੀ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਧਾਰਾ-370 ਖਤਮ ਕਰਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡਣ ਦੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਨੇਤਾਵਾਂ, ਵੱਖਵਾਦੀਆਂ, ਵਰਕਰਾਂ ਅਤੇ ਵਕੀਲਾਂ ਸਮੇਤ ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਇਨ੍ਹਾਂ ਵਿਚ 3 ਸਾਬਕਾ ਮੁੱਖ ਮੰਤਰੀ- ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਵੀ ਸ਼ਾਮਲ ਹਨ। ਕਰੀਬ 250 ਲੋਕ ਜੰਮੂ-ਕਸ਼ਮੀਰ ਤੋਂ ਬਾਹਰ ਜੇਲ ਭੇਜੇ ਗਏ। ਫਾਰੂਕ ਅਬਦੁੱਲਾ ਨੂੰ ਲੋਕ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ ‘ਚ ਲਿਆ ਗਿਆ, ਜਦਕਿ ਹੋਰ ਨੇਤਾਵਾਂ ਨੂੰ ਸੀ. ਆਰ. ਪੀ. ਸੀ. ਤਹਿਤ ਹਿਰਾਸਤ ‘ਚ ਲਿਆ ਗਿਆ।