ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਦੀ ਅੱਜ ਤੋਂ ਸ਼ੁਰੂਆਤ ਹੋਈ

0
62
Share this post

 

ਚੰਡੀਗੜ੍ਹ: 1 ਦਸੰਬਰ (5ਆਬ ਨਾਉ ਬਿਊਰੋ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਦੀ ਅੱਜ ਤੋਂ ਸ਼ੁਰੂਆਤ ਹੋ ਗਈ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਗੁਬਾਰੇ ਉਡਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਉਦਘਾਟਨੀ ਸਮਾਰੋਹ ਵੇਲੇ ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਵੀ ਹੋਏਗਾ।

ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ ‘ਏ’ ਵਿੱਚ ਭਾਰਤ, ਇੰਗਲੈਂਡ, ਅਸਟਰੇਲੀਆ ਤੇ ਸ੍ਰੀਲੰਕਾ ਹਨ ਜਦਕਿ ਗਰੁੱਪ ‘ਬੀ’ ਵਿੱਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਕੀਨੀਆ ਹਨ। ਅੱਜ ਪਹਿਲਾ ਮੁਕਾਬਲਾ ਸ੍ਰੀਲੰਕਾ ਤੇ ਇੰਗਲੈਂਡ ਵਿਚਾਲੇ ਹੋਇਆ ਜਦਕਿ ਦੂਜਾ ਮੈਚ ਕੈਨੇਡਾ ਤੇ ਕੀਨੀਆ ਤੇ ਤੀਜਾ ਮੈਚ ਅਮਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ। ਬਾਕੀ ਦਿਨਾਂ ਦੌਰਾਨ ਦੋ-ਦੋ ਮੈਚ ਹੋਣਗੇ। ਇਸ ਟੂਰਨਾਮੈਂਟ ਵਿੱਚ 8 ਵੱਖ-ਵੱਖ ਦੇਸ਼ਾਂ ਦੇ 150 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ।

ਭਾਰਤ ਤੋਂ ਇਲਾਵਾ ਇਸ ਵਿੱਚ ਅਮਰੀਕਾ, ਆਸਟਰੇਲੀਆ, ਇੰਗਲੈਂਡ, ਕੈਨੇਡਾ, ਸ੍ਰੀਲੰਕਾ, ਕੀਨੀਆ ਤੇ ਨਿਊਜ਼ੀਲੈਂਡ ਦੇ ਖਿਡਾਰੀ ਆਪਣੇ ਜੌਹਰ ਦਿਖਾਉਣਗੇ। ਟੂਰਨਮੈਂਟ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਜਦਕਿ ਦੂਜੇ ਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 15 ਲੱਖ ਤੇ 10 ਲੱਖ ਰੁਪਏ ਦੀ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।