ਸਿੱਖ ਵਿਦਵਾਨ ਡਾ. ਜਸਪਾਲ ਸਿੰਘ ਨੇ ਡਾ. ਰੂਪ ਸਿੰਘ ਦੀ ਪੁਸਤਕ ਕੀਤੀ ਸੰਗਤ ਅਰਪਣ

ਪੁਸਤਕ ’ਚ ਪਹਿਲੇ ਪਾਤਸ਼ਾਹ ਨਾਲ ਸਬੰਧਤ 31 ਗੁਰਦੁਆਰਿਆਂ ਬਾਰੇ ਜਾਣਕਾਰੀ ਦਰਜ਼

0
236
ਡਾ. ਰੂਪ ਸਿੰਘ ਦੀ ਪੁਸਤਕ ‘ਕਲਿ ਤਾਰਣਿ ਗੁਰੁ ਨਾਨਕ ਆਇਆ’ ਜਾਰੀ ਕਰਦੇ ਹੋਏ ਡਾ. ਜਸਪਾਲ ਸਿੰਘ ਅਤੇ ਹੋਰ।
Share this post
ਅੰਮ੍ਰਿਤਸਰ, 10 ਅਗਸਤ-( 5ਆਬ ਨਾਉ ਬਿਊਰੋ )
ਪ੍ਰਸਿੱਧ ਸਿੱਖ ਚਿੰਤਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਪੁਸਤਕ ‘ਕਲਿ ਤਾਰਣਿ ਗੁਰੁ ਨਾਨਕ ਆਇਆ’ ਇਥੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਗਤ ਅਰਪਣ ਕੀਤੀ ਗਈ। ਪੁਸਤਕ ਜਾਰੀ ਕਰਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਵਿਸ਼ਵ ਪ੍ਰਸਿੱਧ ਸਿੱਖ ਵਿਦਵਾਨ ਡਾ. ਜਸਪਾਲ ਸਿੰਘ ਨੇ ਨਿਭਾਈ, ਜਦਕਿ ਇਸ ਮੌਕੇ ਬਹੁਤ ਸਾਰੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਡਾ. ਰੂਪ ਸਿੰਘ ਨੇ ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਦਿਆਂ ਲਿਖੀ ਹੈ। ਇਸ ਵਿਚ ਉਨ੍ਹਾਂ ਨੇ ਜਿਥੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਧਾਰਿਤ ਪਹਿਲੇ ਪਾਤਸ਼ਾਹ ਦੇ ਜੀਵਨ, ਉਨ੍ਹਾਂ ਦੀਆਂ ਪ੍ਰਮੁੱਖ ਬਾਣੀਆਂ ਬਾਰੇ ਜਾਣਕਾਰੀ ਦਿੱਤੀ ਹੈ, ਉਥੇ ਹੀ ਵਿਸ਼ੇਸ਼ ਤੌਰ ’ਤੇ ਗੁਰੂ ਸਾਹਿਬ ਨਾਲ ਸਬੰਧਤ 31 ਇਤਿਹਾਸਕ ਗੁਰਦੁਆਰਾ ਸਾਹਿਬਾਨ ਬਾਰੇ ਵੀ ਉਲੇਖ ਕੀਤਾ ਹੈ। ਪੁਸਤਕ ਜਾਰੀ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਡਾ. ਜਸਪਾਲ ਸਿੰਘ ਨੇ ਡਾ. ਰੂਪ ਸਿੰਘ ਨੂੰ ਵਰਤਮਾਨ ਸਮੇਂ ਦਾ ਪ੍ਰਬੁੱਧ ਖੋਜਕਾਰ ਦੱਸਿਆ। ਉਨ੍ਹਾਂ ਆਖਿਆ ਕਿ ਬੇਸ਼ੱਕ ਡਾ. ਰੂਪ ਸਿੰਘ ਸਿੱਖ ਜਗਤ ਦੀ ਪ੍ਰਤੀਨਿਧ ਸੰਸਥਾ ਵਿਚ ਪ੍ਰਬੰਧਕੀ ਜ਼ੁੰਮੇਵਾਰੀ ’ਤੇ ਤਾਇਨਾਤ ਹੈ, ਪਰੰਤੂ ਇਨ੍ਹਾਂ ਨੇ ਆਪਣੀ ਲਿਖਣ ਪ੍ਰਕਿਰਿਆ ਨੂੰ ਕਦੇ ਵੀ ਧੀਮੀ ਨਹੀਂ ਪੈਣ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਰੂਪ ਸਿੰਘ ਵੱਲੋਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਿਖੀ ਗਈ ਪੁਸਤਕ ‘ਕਲਿ ਤਾਰਣਿ ਗੁਰੁ ਨਾਨਕ ਆਇਆ’ ਗੁਰੂ ਸਾਹਿਬ ਦਾ ਰਿਣ ਉਤਾਰਨ ਦਾ ਕੀਤਾ ਗਿਆ ਇਕ ਯਤਨ ਹੈ, ਜਿਸ ਨੂੰ ਪੜ੍ਹ ਕੇ ਪਾਠਕ ਪਹਿਲੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀਆਂ ਪ੍ਰਚਾਰ ਯਤਰਾਵਾਂ ਨਾਲ ਸਬੰਧਤ ਅਸਥਾਨਾਂ ਤੋਂ ਜਾਣੂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਅਜਿਹਾ ਉੱਦਮ ਹਰ ਸਿੱਖ ਵਿਦਵਾਨ ਨੂੰ ਕਰਨਾ ਚਾਹੀਦਾ ਹੈ, ਤਾਂ ਜੋ ਗੁਰੂ ਸਾਹਿਬ ਦੇ ਫ਼ਸਲਫ਼ੇ ਦਾ ਚਾਨਣ ਚੁਫੇਰੇ ਫੈਲ ਸਕੇ।
ਇਸ ਮੌਕੇ ਪੁਸਤਕ ਦੇ ਰਚੇਤਾ ਡਾ. ਰੂਪ ਸਿੰਘ ਨੇ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਮੌਕੇ ਉਨ੍ਹਾਂ ਅੰਦਰ ਇਹ ਪੁਸਤਕ ਤਿਆਰ ਕਰਨ ਦਾ ਵਿਚਾਰ ਪੈਦਾ ਹੋਇਆ। ਉਨ੍ਹਾਂ ਦੱਸਿਆ ਕਿ ਬੇਸ਼ੱਕ ਪੁਸਤਕ ਅੰਦਰ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਵੀਚਾਰਧਾਰਾ ਸਬੰਧੀ ਵੀ ਵਿਚਾਰ ਦਿੱਤੇ ਗਏ ਹਨ, ਪਰੰਤੂ ਮੂਲ ਰੂਪ ਵਿਚ ਇਹ ਪੁਸਤਕ ਗੁਰੂ ਸਾਹਿਬ ਨਾਲ ਸਬੰਧਤ ਪਾਵਨ ਅਸਥਾਨਾਂ ਬਾਰੇ ਹੈ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਦਰਜ਼ 31 ਗੁਰਦੁਆਰਿਆਂ ਵਿੱਚੋਂ ਪਾਕਿਸਤਾਨ ਦੇ 13 ਗੁਰਦੁਆਰੇ, ਭਾਰਤ ਦੇ 14 ਗੁਰਦੁਆਰੇ, ਬੰਗਲਾ ਦੇਸ਼ ਦੇ 3 ਗੁਰਦੁਆਰੇ ਅਤੇ ਨੇਪਾਲ ਦਾ 1 ਗੁਰਦੁਆਰਾ ਸ਼ਾਮਲ ਹੈ। ਉਨ੍ਹਾਂ ਪੁਸਤਕ ਦੇ ਪ੍ਰਕਾਸ਼ਕ ‘ਸਿੰਘ ਬ੍ਰਦਰਜ਼’ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਡਾ. ਜਸਪਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਭਗਵੰਤ ਸਿੰਘ ਸਿਆਲਕਾ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਤੇਜਿੰਦਰ ਸਿੰਘ ਦੁਬਈ, ਸ. ਰਣਜੋਧ ਸਿੰਘ ਲੁਧਿਆਣਾ, ਡਾ. ਕੁਲਵੰਤ ਸਿੰਘ ਦੇਦ ਵੀ.ਸੀ., ਡਾ. ਏ.ਪੀ. ਸਿੰਘ, ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਜੋਗਿੰਦਰ ਸਿੰਘ ਅਦਲੀਵਾਲ, ਸ. ਸਤਬੀਰ ਸਿੰਘ ਧਾਮੀ, ਸ. ਇੰਦਰਪਾਲ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਸਾਗਰ ਸਿੰਘ ਤੇ ਸ. ਕੁਲਜੀਤ ਸਿੰਘ ‘ਸਿੰਘ ਬ੍ਰਦਰਜ’ ਵਾਲੇ, ਸ. ਸਕੱਤਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਬਚਨ ਸਿੰਘ ਲੇਹਲ, ਡਾ. ਮਨਜੀਤ ਸਿੰਘ ਉੱਪਲ, ਸ. ਰਾਜਿੰਦਰ ਸਿੰਘ ਰੂਬੀ, ਬੀਬੀ ਰਮਨਦੀਪ ਕੌਰ, ਭਾਈ ਕਿਸ਼ਨ ਸਿੰਘ ਸੰਤਨ ਕੀ ਕੁਟੀਆ, ਬੀਬੀ ਪਰਮਜੀਤ ਕੌਰ ਪਿੰਕੀ, ਡਾ. ਗੁਰਮੀਤ ਸਿੰਘ, ਸ. ਗੁਰਮੀਤ ਸਿੰਘ ਰਾਏਪੁਰ, ਡਾ. ਇੰਦਰਪ੍ਰੀਤ ਕੌਰ ਵਾਲੀਆ, ਡਾ. ਕਵੀਪਾਲ ਸਿੰਘ ਆਦਿ ਮੌਜੂਦ ਸਨ।