ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਇਕਾਂਤਵਾਸ ਕੇਂਦਰਾਂ ਵਿਚ ਜ਼ਰੂਰੀ ਚੀਜ਼ਾਂ ਦੇਣ ਲਈ ‘ਯੂਨਾਈਟਿਡ ਸਿੱਖਜ਼’ ਦੀ ਗੱਡੀ ਨੂੰ ਮੋਹਾਲੀ ਤੋਂ ਕੀਤਾ ਗਿਆ ਰਵਾਨਾ।

ਪੰਜਾਬ ਭਰ ਵਿਚ ਇਕਾਂਤਵਾਸ ਵਿਚ ਰੱਖੇ ਗਏ ਵਿਅਕਤੀਆਂ ਨੂੰ ਮੁਹਈਆ ਕਰਵਾਈਆਂ ਜਾਣਗੀਆਂ ਕਿੱਟਾ।

0
81
Share this post

ਮੋਹਾਲੀ, 16 ਮਈ (5ਆਬ ਨਾਉ ਬਿਊਰੋ)

ਸਿਹਤ ਅਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਪੰਜਾਬ ਭਰ ਵਿਚ ਇਕਾਂਤਵਾਸ ਕੇਂਦਰਾਂ ਵਿਚ ਰੱਖੇ ਗਏ ਵਿਅਕਤੀਆਂ ਨੂੰ ਨਿਜੀ ਵਰਤੋਂ ਦੀਆਂ ਕਿੱਟਾਂ ਦੇਣ ਦੀ ਮੁਹਿੰਮ ਦੀ ਅੱਜ ਮੋਹਾਲੀ ਤੋਂ ਸ਼ੁਰੂਆਤ ਕੀਤੀ। ਸੈਕਟਰ 70 ਦੇ ਮੈਰੀਟੋਰੀਅਸ ਸਕੂਲ ਵਿਚ ਬਣਾਏ ਗਏ ਇਕਾਂਤਵਾਸ ਕੇਂਦਰ ਤੋਂ ਨਿਜੀ ਯੂਟੀਲਿਟੀ ਕਿੱਟਸ ਨਾਲ ਲੱਦੀ ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਦਸਿਆ ਕਿ ਸਮਾਜ ਭਲਾਈ ਦੇ ਕੰਮਾਂ ਵਿਚ ਜੁਟੀ ਯੂਨਾਈਟਿਡ ਸਿੱਖਜ਼ ਨਾਮੀ ਪ੍ਰਸਿੱਧ ਸੰਸਥਾ ਨੇ ਇਕਾਂਤਵਾਸ ਕੇਂਦਰਾਂ ਵਿਚ ਰੱਖੇ ਗਏ ਕੋਰੋਨਾ ਵਾਇਰਸ ਦੇ ਸਿਹਤਯਾਬ ਹੋ ਚੁੱਕੇ, ਸ਼ੱਕੀ ਮਰੀਜ਼ਾਂ ਜਾਂ ਹੋਰਾਂ ਨੂੰ ਨਿੱਤ ਵਰਤੋਂ ਲਈ ਨਿਜੀ ਯੂਟੀਲਿਟੀ ਕਿੱਟਸ ਮੁਹਈਆ ਕਰਾਉਣ ਦਾ ਵੱਡਮੁਲਾ ਕਾਰਜ ਅਰੰਭਿਆ ਹੈ। ਉਨਹਾਂ ਨੇ ਕਿਹਾ ਕਿ ਇਹ ਸੰਸਥਾ ਵਧਾਈ ਅਤੇ ਸ਼ਲਾਘਾ ਦੀ ਪਾਤਰ ਹੈ ਜਿਹੜੀ ਡਾਕਟਰਾਂ ਸਣੇ ਸਮੁੱਚੇ ਸਿਹਤ ਅਮਲੇ ਦੀ ਸੁਰੱਖਿਆ ਲਈ ਉਨਹਾਂ ਨੂੰ ਹੁਣ ਤਕ ਭਾਰੀ ਗਿਣਤੀ ਵਿਚ ਨਿਜੀ ਸੁਰੱਖਿਆ ਉਪਕਰਨ (ਪੀਪੀਈ ਕਿੱਟਾਂ) ਦਾਨ ਵਜੋਂ ਦੇ ਚੁਕੀ ਹੈ। ਇਨਹਾਂ ਕਿੱਟਾਂ ਵਿਚ ਮਾਸਕ, ਸੈਨੀਟਾਇਜਰ, ਵਿਟਾਮਿਨ ਸੀ ਦੀਆਂ ਗੋਲੀਆਂ, ਜੂਸ, ਬਿਸਕੁਟ, ਮੱਛਰ ਮਾਰ ਦਵਾਈ ਆਦਿ ਸਮਾਨ ਪਾਇਆ ਹੋਇਆ ਹੈ।
ਸ. ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕਾਬੂ ਹੇਠ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ੋਰਦਾਰ ਯਤਨ ਕਰ ਰਹੀ ਹੈ। ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦਾ ਸੁਚੱਜਾ ਅਤੇ ਮਿਆਰੀ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨਹਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਦਾ ਵੀ ਪੂਰਾ ਖ਼ਿਆਲ ਰਖਿਆ ਜਾ ਰਿਹਾ ਹੈ। ਉਨਹਾਂ ਕਿਹਾ ਕਿ ਉਨਹਾਂ ਨੂੰ ਉਮੀਦ ਹੈ ਕਿ ਸੱਭ ਦੇ ਮਿਲੇ-ਜੁਲੇ ਉਪਰਾਲਿਆਂ ਸਦਕਾ ਇਸ ਬੀਮਾਰੀ ਨੂੰ ਛੇਤੀ ਹੀ ਕੰਟਰੋਲ ਹੇਠ ਕਰ ਲਿਆ ਜਾਵੇਗਾ। ਸ. ਸਿੱਧੂ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਵੀ ਸਰਕਾਰ ਦਾ ਸਾਥ ਦਿੰਦਿਆਂ ਆਪੋ ਅਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਯੂਨਾਇਟਿਡ ਸਿੱਖਜ਼ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੁਸ਼ਕਲ ਦੌਰ ਵਿਚ ਜਿਥੇ ਮੋਹਰੀ ਰੋਲ ਨਿਭਾ ਰਹੇ ਸਿਹਤ ਕਾਮਿਆਂ ਦੀ ਸੁਰੱਖਿਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਉਥੇ ਇਕਾਂਤਵਾਸ ਕੇਂਦਰਾਂ ਵਿਚ ਰੱਖੇ ਗਏ ਵਿਅਕਤੀਆਂ ਦੀਆਂ ਲੋੜਾਂ ਦਾ ਵੀ ਖ਼ਿਆਲ ਰਖਿਆ ਜਾਣਾ ਚਾਹੀਦਾ ਹੈ। ਉਨਹਾਂ ਕਿਹਾ ਕਿ ਚੰਗੀ ਖ਼ੁਰਾਕ ਖਾਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਨਾਲ ਇਸ ਬੀਮਾਰੀ ਨੂੰ ਸਹਿਜੇ ਹੀ ਮਾਤ ਦਿਤੀ ਜਾ ਸਕਦੀ ਹੈ। ਉਨਹਾਂ ਦਸਿਆ ਕਿ ਉਨਹਾਂ ਦੀ ਸੰਸਥਾ ਸਮਾਜ ਸੇਵਾ ਦੇ ਕੰਮਾਂ ਵਿਚ ਹਮੇਸ਼ਾ ਹੀ ਵੱਧ-ਚੜ• ਕੇ ਹਿੱਸਾ ਲੈਂਦੀ ਹੈ ਅਤੇ ਪੰਜਾਬ ਭਰ ਵਿਚ ਲੋੜਵੰਦਾਂ ਨੂੰ ਸੁੱਕੇ ਰਾਸ਼ਨ ਦੇ ਹਜ਼ਾਰਾਂ ਪੈਕੇਟ ਵੰਡ ਚੁੱਕੀ ਹੈ।
ਇਸ ਮੌਕੇ ਮੋਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਬੀਡੀਓ ਹਿਤੇਨ ਕਪਿਲਾ, ਤਹਿਸੀਲਦਾਰ ਰਾਜਿੰਦਰ ਬਾਂਸਲ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਾਂਗਰਸੀ ਆਗੂ ਜੀ ਐਸ ਰਿਆੜ ਅਤੇ ਸੰਸਥਾ ਦੇ ਨੁਮਾਇੰਦੇ ਮੇਜਰ ਸਿੰਘ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ : ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਹੋਰ।