ਸਰਕਾਰ ਤੋਂ ਔਖੇ ਹੋਏ ਖਿਡਾਰੀ , ਹਰਿਆਣਾ ਸਰਕਾਰ ਨੂੰ ਕਰਨਾ ਪੈ ਰਿਹਾ ਨਮੋਸ਼ੀ ਦਾ ਸਾਹਮਣਾ

0
230
Share this post

 

ਚੰਡੀਗੜ੍ਹ:26 ਜੂਨ ( 5ਆਬ ਨਾਉ ਬਿਊਰੋ )

ਆਪਣੇ ਕੌਮਾਂਤਰੀ ਖਿਡਾਰੀਆਂ ਨੂੰ ਕਰੋੜਾਂ ਦੇ ਇਨਾਮਾਂ ਦੇ ਐਲਾਨ ਕਰਨ ਵਾਲੀ ਹਰਿਆਣਾ ਸਰਕਾਰ ਨੂੰ ਹੁਣ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੇ ਤਗ਼ਮਾ ਜੇਤੂ ਖਿਡਾਰੀ ਸਰਕਾਰ ਤੋਂ ਨਾਰਾਜ਼ ਹਨ ਤੇ ਆਪਣਾ ਗੁੱਸਾ ਲਗਾਤਾਰ ਸੋਸ਼ਲ ਮੀਡੀਆ ‘ਤੇ ਕੱਢ ਰਹੇ ਹਨ। ਬਜਰੰਗ ਪੂਨੀਆ, ਯੋਗੇਸ਼ਵਰ ਦੱਤ ਸਮੇਤ ਹੋਰ ਵੀ ਕਈ ਕੌਮਾਂਤਰੀ ਖਿਡਾਰੀਆਂ ਨੇ ਖੱਟਰ ਸਰਕਾਰ ਦੀ ਖੂਬ ਨਿਖੇਧੀ ਕੀਤੀ ਹੈ

ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬਾਕਸਰ ਮਨੋਜ ਨੇ ਕਿਹਾ ਕਿ ਹਰਿਆਣਾ ਸਰਕਾਰ ਤੇ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਤਰੀ ਜਾਂ ਲੀਡਰ ਦਾ ਬੱਚਾ ਕੁਸ਼ਤੀ ਜਾਂ ਬਾਕਸਿੰਗ ਵਿੱਚ ਨਹੀਂ, ਕਿਉਂਕਿ ਉਹ ਖੇਡ ਨਹੀਂ ਸਕਦੇ। ਅਸੀਂ ਖੇਡਦੇ ਹਾਂ ਤਾਂ ਸਾਡੇ ਪੈਸੇ ਕੱਟਦੇ ਹਨ।

ਉਨ੍ਹਾਂ ਕਿਹਾ ਕਿ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਪੈਸੇ ਮਿਲਦੇ ਹਨ, ਪਰ ਉਹ ਹੀ ਕੱਟ ਲੈਣਾ ਕਿੱਥੋਂ ਦਾ ਇਨਸਾਫ ਹੈ। ਮਨੋਜ ਨੇ ਇਹ ਵੀ ਕਿਹਾ ਕਿ ਜੇਕਰ ਲੀਡਰ ਆਪਣੀਆਂ ਰੈਲੀਆਂ ਵਿੱਚ ਖਰਚਣ ਵਾਲਾ ਪੈਸਾ ਖਿਡਾਰੀਆਂ, ਕਿਸਾਨਾਂ ਤੇ ਫ਼ੌਜੀਆਂ ਨੂੰ ਦੇਣ ਤਾਂ ਇਹ ਦੇਸ਼ ਪਹਿਲੇ ਨੰਬਰ ‘ਤੇ ਆ ਸਕਦਾ ਹੈ।

ਇਸ ਬਾਰੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇੱਕੋ ਦਿਨ ਸਾਰੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਣਾ ਸੰਭਵ ਨਹੀਂ, ਪਰ ਉਨ੍ਹਾਂ ਦੀ ਸਰਕਾਰ ਹੌਲੀ-ਹੌਲੀ ਕਰ ਰਹੀ ਹੈ। ਉਨ੍ਹਾਂ ਮੰਨਿਆ ਕਿ ਕੁਝ ਖਿਡਾਰੀਆਂ ਨੂੰ ਸਨਮਾਨਤ ਕਰਨ ਵਿੱਚ ਦੇਰੀ ਹੋ ਗਈ ਹੈ। ਮੰਤਰੀ ਨੇ ਇਨਾਮੀ ਰਾਸ਼ੀ ਵਿੱਚ ਕਟੌਤੀ ਬਾਰੇ ਕਿਹਾ ਕਿ ਵਿਭਾਗ ਖਿਡਾਰੀਆਂ ਨੂੰ ਪੱਤਰ ਦੇ ਰੂਪ ਵਿੱਚ ਇਨਾਮ ਦਾ ਬਿਓਰਾ ਵੀ ਸੌਂਪਦਾ ਹੈ, ਜੇਕਰ ਉਨ੍ਹਾਂ ਨੂੰ ਇਨਾਮੀ ਰਾਸ਼ੀ ਵਿੱਚ ਕੋਈ ਫਰਕ ਜਾਪਦਾ ਹੈ ਤਾਂ ਉਹ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।