ਸ਼੍ਰੋਮਣੀ ਕਮੇਟੀ ਵੱਲੋਂ ਮਾਝਾ ਜੋਨ ਅੰਦਰ 27 ਗੁਰਦੁਆਰਿਆਂ ਤੋਂ ਕੀਤੀ ਜਾ ਰਹੀ ਹੈ ਲੰਗਰ ਸੇਵਾ

ਸੇਵਾਦਾਰਾਂ ਨੂੰ ਸੇਵਾ ਦੌਰਾਨ ਸਾਵਧਾਨੀ ਵਰਤਣ ਲਈ ਆਖਿਆ

0
52
Share this post

ਅੰਮ੍ਰਿਤਸਰ, 2 ਅਪ੍ਰੈਲ- ( 5ਆਬ ਨਾਉ ਬਿਊਰੋ )
ਵਿਸ਼ਵ ਮਹਾਮਾਰੀ ਕੋਰੋਨਾਵਾਇਰਸ ਕਾਰਨ ਅੱਜ ਜਦੋਂ ਪੂਰੀ ਦੁਨੀਆ ਚਿੰਤਾ ਵਿਚ ਹੈ, ਤਾਂ ਅਜਿਹੇ ਸੰਕਟਮਈ ਸਮੇਂ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਬਖਸ਼ੇ ਸਿਧਾਂਤਾਂ ਦੀ ਸੇਧ ਵਿਚ ਲਗਾਤਾਰ ਲੋੜਵੰਦਾਂ ਤੱਕ ਲੰਗਰ ਭੇਜਣ ਲਈ ਕਾਰਜਸ਼ੀਲ ਹੈ। ਸ਼੍ਰੋਮਣੀ ਕਮੇਟੀ ਨੇ ਬੀਤੇ ਕਈ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਤਿਆਰ ਕਰਕੇ ਲੋੜਵੰਦਾਂ ਤੱਕ ਪਹੁੰਚ ਬਣਾਈ ਹੋਈ ਹੈ। ਹੁਣ ਇਹ ਸੇਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬਣਾਏ ਗਏ ਜੋਨਾਂ ਅਨੁਸਾਰ ਕੀਤੀ ਜਾ ਰਹੀ ਹੈ। ਇਥੇ ਮਾਝਾ ਜੋਨ ਲਈ ਦੇਖ-ਰੇਖ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਕੱਤਰ ਸ. ਮਹਿੰਦਰ ਸਿਮਘ ਆਹਲੀ ਤੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾਂ ਕਰ ਰਹੇ ਹਨ। ਭਾਈ ਰਜਿੰਦਰ ਸਿੰਘ ਮਹਿਤਾ ਦੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਝਾ ਜੋਨ ਅੰਦਰ 27 ਇਤਿਹਾਸਕ ਗੁਰਦੁਆਰਾ ਸਾਹਿਬਾਨ ਸ਼ਾਮਲ ਕੀਤੇ ਹਨ। ਇਹ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਕਪੂਰਥਲਾ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਭਾਈ ਲਾਲੋ ਜੀ ਡੱਲਾ ਤੇ ਜਲੰਧਰ ’ਚ ਗੁਰਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ ਨੂੰ ਵੀ ਮਾਝਾ ਜੋਨ ਨਾਲ ਜੋੜਿਆ ਗਿਆ ਹੈ।
ਭਾਈ ਮਹਿਤਾ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਾਵਧਾਨੀ ਨਾਲ ਸੇਵਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਮਾਝਾ ਜੋਨ ਦੇ ਹਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਲੰਗਰ ਤਿਆਰ ਕਰਨ ਤੇ ਵਰਤਾਉਣ ਸਮੇਂ ਸੇਵਾਦਾਰਾਂ ਨੂੰ ਮੂੰਹ ਢੱਕ ਕੇ ਰੱਖਣਾ ਯਕੀਨੀ ਬਣਾਉਣ ਨੂੰ ਕਿਹਾ ਹੈ। ਆਪਸੀ ਨਿਰਧਾਰਤ ਦੂਰੀ ਬਾਰੇ ਵੀ ਸੁਚੇਤ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਲੰਗਰ ਦੀ ਸੇਵਾ ਆਪ ਕੀਤੀ ਜਾਵੇ ਤੇ ਭੀੜ ਨਾ ਇਕੱਠੀ ਹੋਣ ਦੱਤੀ ਜਾਵੇ। ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੇਵਾ ਦੌਰਾਨ ਰਾਬਤਾ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਮੈਨੇਜਰਾਂ ਨੂੰ ਸਰਾਂਵਾਂ ਦੇ ਕਮਰੇ ਵੀ ਲੋੜ ਅਨੁਸਾਰ ਤਿਆਰ ਰੱਖਣ ਲਈ ਆਖਿਆ ਗਿਆ ਹੈ। ਉਨ੍ਹਾਂ ਲੰਗਰ ਸੇਵਾ ਦੌਰਾਨ ਸਹਿਯੋਗ ਕਰ ਰਹੀਆਂ ਸੰਗਤਾਂ ਤੇ ਸਭਾ ਸੁਸਾਇਟੀਆਂ ਦਾ ਵੀ ਧੰਨਵਾਦ ਕੀਤਾ।