ਸ਼੍ਰੋਮਣੀ ਕਮੇਟੀ ਕੋਰੋਨਾ ਦੇ ਪ੍ਰਕੋਪ ਕਾਰਨ ਲੋੜਵੰਦਾਂ ਤੱਕ ਪਹੁੰਚਾ ਰਹੀ ਹੈ ਲੰਗਰ ਸੰਗਤਾਂ ਨੂੰ ਘਰੋ ਘਰ ਪਹੁੰਚਾਉਣ ਦੀ ਵੀ ਕੀਤੀ ਪਹਿਲਕਦਮੀ

ਸ਼੍ਰੋਮਣੀ ਕਮੇਟੀ ਵਲੋਂ ਪੂਰੇ ਸੂਬੇ ਵਿੱਚ ਵੱਖ ਵੱਖ ਗੁਰੂ ਘਰਾਂ ਤੋਂ ਨਿਰੰਤਰ ਜਾਰੀ ਹੈ ਲੋੜਵੰਦਾਂ ਲਈ ਲੰਗਰ ਸੇਵਾ।

0
56
Share this post

ਅੰਮ੍ਰਿਤਸਰ, 27 ਮਾਰਚ- ( 5ਆਬ ਨਾਉ ਬਿਊਰੋ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਦੇ ਪ੍ਰਕੋਪ ਕਾਰਨ ਲੋੜਵੰਦ ਲੋਕਾਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਸੇਵਾ ਨਿਰੰਤਰ ਜਾਰੀ ਹੈ। ਇਸ ਔਖੀ ਘੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਵੱਧ ਤੋਂ ਵੱਧ ਲੋੜਵੰਦ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਰੁਕੇ ਸ਼ਰਧਾਲੂਆਂ ਨੂੰ ਵੀ ਉਨ੍ਹਾਂ ਦੇ ਘਰੋ ਘਰ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠਲੇ 79 ਗੁਰਦੁਆਰਾ ਸਾਹਿਬਾਨ ਤੋਂ ਰੋਜ਼ਾਨਾਂ ਲੰਗਰ ਤਿਆਰ ਕਰਕੇ ਬੇਹੱਦ ਲੋੜਵੰਦਾਂ ਤੱਕ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾਂ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਲੋਕਲ ਗੁਰਦੁਆਰਾ ਕਮੇਟੀਆਂ ਨੂੰ ਵੀ ਲੋੜਵੰਦਾਂ ਤੱਕ ਲੰਗਰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਰ ਰੋਜ਼ ਦੀ ਤਰ੍ਹਾਂ ਇਥੇ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਅੱਜ ਵੀ ਗੱਡੀਆਂ ਰਾਹੀਂ ਸ੍ਰੀ ਅੰਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਵਿਚ ਲੰਗਰ ਪਹੁੰਚਾਇਆ ਗਿਆ। ਲੰਗਰ ਰਵਾਨਾਂ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਇਸ ਸੰਕਟ ਸਮੇਂ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਦੇ ਫਲਸਫੇ ਉਤੇ ਪਹਿਰਾ ਦੇ ਰਹੀ ਹੈ। ਅੱਜ ਜਦੋਂ ਲੋਕ ਘਰਾਂ ਅੰਦਰੋਂ ਨਿਕਲਣ ਤੋਂ ਡਰ ਰਹੇ ਹਨ ਤਾਂ ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਲੋੜਵੰਦਾਂ ਤੱਕ ਲੰਗਰ ਲੈ ਕੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਰਫਿਊ ਕਾਰਨ ਸੇਵਾਦਾਰਾਂ ਦੀ ਘਾਟ ਹੈ ਪਰੰਤੂ ਫਿਰ ਵੀ ਜਿੰਨਾਂ ਵੱਧ ਤੋਂ ਵੱਧ ਲੰਗਰ ਤਿਆਰ ਕੀਤਾ ਜਾ ਸਕਦਾ ਹੈ, ਉਹ ਸੰਗਤ ਤੱਕ ਭੇੁਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਜਿਹੜੀ ਸੰਗਤ ਕਰਫਿਊ ਕਾਰਨ ਸ੍ਰੀ ਦਰਬਾਰ ਸਾਹਿਬ ਰੁਕ ਗਈ ਸੀ ਉਸ ਨੂੰ ਘਰੋ ਘਰ ਭੇਜਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਸੰਗਤ ਬੀਤੇ ਕੱਲ ਦਿੱਲੀ ਤੇ ਹੋਰ ਥਾਵਾਂ ਤੇ ਭੇਜੀ ਸੀ, ਜਦਕਿ ਭਲਕੇ ਵੀ 4 ਬੱਸਾਂ ਜਾਣਗੀਆਂ। ਉਨ੍ਹਾਂ ਜਾਣਕਾਰੀ ਦਿੱਤੀ ਕਿ ਭਲਕੇ 28 ਮਾਰਚ ਨੂੰ ਇੱਕ ਬੱਸ ਸਹਾਰਨਪੁਰ ਯੂਪੀ ਲਈ, ਇੱਕ ਬੱਸ ਬਠਿੰਡਾ ਲਈ ਅਤੇ ਦੋ ਬੱਸਾਂ ਦਿੱਲੀ ਲਈ ਰਵਾਨਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੁਝ ਸ਼ਰਧਾਲੂ ਗੁਜਰਾਤ ਦੇ ਵੀ ਹਨ ਜਿਨ੍ਹਾਂ ਨੂੰ ਦਿੱਲੀ ਤੱਕ ਪਹੁੰਚਾਇਆ ਜਾਵੇਗਾ। ਮੁੱਖ ਸਕੱਤਰ ਨੇ ਦੱਸਿਆ ਕਿ ਬੱਸਾਂ ਭੇਜਣ ਲਈ ਪ੍ਰਸ਼ਾਸਨ ਤੋਂ ਪ੍ਰਵਾਨਗੀ ਲਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਾਟਾਨਗਰ ਦੇ ਕੁਝ ਸ਼ਰਧਾਲੂਆਂ ਨੂੰ ਮਾਤਾ ਗੰਗਾ ਜੀ ਨਿਵਾਸ ਵੀ ਰੱਖਣ ਦਾ ਪ੍ਰਬੰਧ ਕੀਤਾ ਹੈ। ਇਨ੍ਹਾਂ ਲਈ ਇੱਕ ਵੱਖਰੀ ਮੰਜ਼ਿਲ ਖੋਲ੍ਹੀ ਗਈ ਹੈ। ਡਾ. ਰੂਪ ਸਿੰਘ ਅਨੁਸਾਰ ਫਿਲਹਾਲ ਕਿਸੇ ਵੀ ਸਰਾਂ ਲਈ ਭੇਟਾ ਨਹੀਂ ਲਈ ਜਾ ਰਹੀ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੁਝ ਲੋਕਾਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਵੀ ਲਿਆਂਦਾ ਗਿਆ ਹੈ।

ਫੋਟੋ ਕੈਪਸ਼ਨ: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਿਆਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਨੂੰ ਵਰਤਾਏ ਜਾ ਰਹੇ ਗੁਰੂ ਕੇ ਲੰਗਰ ਦਾ ਦ੍ਰਿਸ਼।