ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਬਜਟ ‘ਚ ਕੀਤੇ ਉਪਰਾਲਿਆਂ ਨਾਲ ਨਿਵੇਸ਼ ਨੂੰ ਮਿਲੇਗੀ ਰਫਤਾਰ

0
233
Share this post

 

ਨਵੀਂ ਦਿੱਲੀ—12 ਜੁਲਾਈ ( 5ਆਬ ਨਾਉ ਬਿਊਰੋ )

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਜਟ ‘ਚ ਮਾਲੀਆ ਮਜ਼ਬੂਤੀ ਦੇ ਟੀਚਿਆਂ ਨਾਲ ਸਮਝੌਤਾ ਕੀਤੇ ਬਿਨ੍ਹਾਂ ਨਿਵੇਸ਼ ਵਧਾਉਣ ਦੀ ਪੂਰੀ ਯੋਜਨਾ ਨਾਲ ਵਿਕਾਸ ਦੀ ਵੱਡੀ ਤਸਵੀਰ ਪੇਸ਼ ਕੀਤੀ ਗਈ ਹੈ। ਵਿੱਤੀ ਸਾਲ 2019-20 ਦੇ ਬਜਟ ‘ਤੇ ਰਾਜ ਸਭਾ ‘ਚ ਚਰਚਾ ਦਾ ਜਵਾਬ ਦਿੰਦੇ ਹੋਏ ਸੀਤਾਰਮਨ ਨੇ ਕਿਹਾ, ”ਅਗਲੇ 10 ਸਾਲਾਂ ਲਈ ਵਿਆਪਕ ਕਦਮਾਂ ਦਾ ਜ਼ਿਕਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਮੱਧ ਮਿਆਦ ਦਾ ਟੀਚਾ ਦੇਸ਼ ਨੂੰ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣਾ ਹੈ। ਵਿੱਤ ਮੰਤਰੀ ਨੇ ਕਿਹਾ ਕਿ 5000 ਅਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਬਿਨਾਂ ਯੋਜਨਾ ਦੇ ਨਹੀਂ ਹੈ। ਉਨ੍ਹਾਂ ਬਜਟ ‘ਚ ਪ੍ਰਸਤਾਵਿਤ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਿਵੇਸ਼ ਨੂੰ ਰਫਤਾਰ ਦੇਣ ਲਈ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨਿਯਮਾਂ ਨੂੰ ਹੋਰ ਸਰਲ ਬਣਾਇਆ ਗਿਆ, 400 ਕਰੋੜ ਰੁਪਏ ਤੱਕ ਦੇ ਕਾਰੋਬਾਰ ਵਾਲੀਆਂ ਕੰਪਨੀਆਂ ਲਈ ਕਾਰਪੋਰੇਟ ਕਰ ਦੀ ਦਰ ਘੱਟ ਕੀਤੀ ਗਈ, ਦੇਸ਼ ‘ਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ ਗਏ ਹਨ।
ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ ਬੁਨਿਆਦੀ ਢਾਂਚਾ ਖੇਤਰ ‘ਚ ਅਗਲੇ 5 ਸਾਲਾਂ ‘ਚ 100 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਹੈ। ਬਜਟ ‘ਚ ਨਿਵੇਸ਼ ਨੂੰ ਵਧਾਉਣ ਲਈ ਮਜ਼ਬੂਤ ਵਚਨਬੱਧਤਾ ਵਿਖਾਈ ਦਿੰਦੀ ਹੈ। ਲੋਕ ਸਭਾ ‘ਚ 5 ਜੁਲਾਈ ਨੂੰ ਪੇਸ਼ ਬਜਟ ‘ਚ ਉਨ੍ਹਾਂ ਕਿਹਾ ਕਿ ਸਰਕਾਰ ਦਾ 2019-20 ‘ਚ ਸ਼ੁੱਧ ਕਰ ਮਾਲੀਏ ਦੇ ਰੂਪ ‘ਚ 16.49 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। ਇਹ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 11.13 ਫੀਸਦੀ ਜ਼ਿਆਦਾ ਹੈ।