ਰਾਬਰਟ ਵਾਡਰਾ ਵਿਦੇਸ਼ ‘ਚ ਕਥਿਤ ਗੈਰ-ਕਾਨੂੰਨੀ ਜਾਇਦਾਦ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼

0
85
Share this post

 

ਨਵੀਂ ਦਿੱਲੀ, 30 ਮਈ- (5ਆਬ ਨਾਉ ਬਿਊਰੋ)

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਰਾਬਰਟ ਵਾਡਰਾ ਵਿਦੇਸ਼ ‘ਚ ਕਥਿਤ ਗੈਰ-ਕਾਨੂੰਨੀ ਜਾਇਦਾਦ ਦੀ ਖਰੀਦਦਾਰੀ ਨਾਲ ਜੁੜੇ ਧਨ ਸੋਧ ਮਾਮਲੇ ‘ਚ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਏ। ਵਾਡਰਾ ਦੀ ਪਤਨੀ ਅਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਸਵੇਰੇ ਕਰੀਬ 10.30 ਵਜੇ ਉਨ੍ਹਾਂ ਨੂੰ ਇੱਥੇ ਇੰਡੀਆ ਗੇਟ ਨੇੜੇ ਏਜੰਸੀ ਦੇ ਦਫ਼ਤਰ ਦੇ ਬਾਹਰ ਛੱਡਿਆ। ਵਾਡਰਾ ਨੂੰ ਮਾਮਲੇ ਦੇ ਜਾਂਚ ਅਧਿਕਾਰੀ ਦੇ ਸਾਹਮਣੇ ਬਿਆਨ ਦੇਣ ਲਈ ਬੁਲਾਇਆ ਗਿਆ ਸੀ, ਜਿੱਥੇ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਵਾਡਰਾ ਨੇ ਆਪਣੇ ਟਵਿੱਟਰ ਅਤੇ ਫੇਸਬੁੱਕ ਪੇਜ਼ ‘ਤੇ ਦੱਸਿਆ ਕਿ ਉਨ੍ਹਾਂ ਵਿਰੁੱਧ ਦਰਜ ਮਾਮਲਿਆਂ ‘ਚ ਜਾਂਚ ਏਜੰਸੀ ਦੇ ਸਾਹਮਣੇ ਉਹ ਇਸ ਵਾਰ 11ਵੀਂ ਵਾਰ ਪੇਸ਼ ਹੋਏ ਅਤੇ ਉਨ੍ਹਾਂ ਤੋਂ ਹੁਣ ਤੱਕ 70 ਘੰਟੇ ਪੁੱਛ-ਗਿੱਛ ਹੋ ਚੁਕੀ ਹੈ। ਵਾਡਰਾ ਨੇ ਆਪਣੀ ਪੋਸਟ ‘ਚ ਲਿਖਿਆ,”ਭਾਰਤੀ ਕੋਰਟ ‘ਤੇ ਮੈਨੂੰ ਭਰੋਸਾ ਹੈ। ਮੈਂ ਸਰਕਾਰੀ ਏਜੰਸੀਆਂ ਦੇ ਸਾਰੇ ਸੰਮਨ/ਨਿਯਮਾਂ ਦੀ ਪਾਲਣਾ ਕੀਤੀ ਹੈ ਅਤੇ ਮੈਂ ਅੱਗੇ ਵੀ ਕਰਦਾ ਰਹਾਂਗਾ। ਮੈਂ 11 ਵਾਰ ਬਿਆਨ ਦਿੱਤੇ ਹਨ ਅਤੇ ਇਸ ਦੌਰਾਨ ਕਰੀਬ 70 ਘੰਟੇ ਮੇਰੇ ਤੋਂ ਪੁੱਛ-ਗਿੱਛ ਕੀਤੀ ਗਈ। ਮੈਂ ਭਵਿੱਖ ‘ਚ ਵੀ ਉਦੋਂ ਤੱਕ ਸਹਿਯੋਗ ਕਰਾਂਗਾ, ਜਦੋਂ ਤੱਕ ਕਿ ਮੈਂ ਸਾਰੇ ਝੂਠੇ ਦੋਸ਼ਾਂ ‘ਚ ਪਾਕਿ ਸਾਫ਼ ਸਾਬਤ ਨਹੀਂ ਹੋ ਜਾਂਦਾ।” ਏਜੰਸੀ ਨੇ ਵਾਡਰਾ ਦੀ ਪੇਸ਼ਗੀ ਜ਼ਮਾਨਤ ਰੱਦ ਕਰਨ ਦੀ ਹਾਲ ‘ਚ ਮੰਗ ਕੀਤੀ ਸੀ ਅਤੇ ਉਨ੍ਹਾਂ ਦੇ ਵਿਦੇਸ਼ ਯਾਤਰਾ ਦਾ ਵੀ ਵਿਰੋਧ ਕੀਤਾ ਸੀ। ਇਕ ਸਥਾਨਕ ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਯਾਤਰਾ ਦੀ ਮਨਜ਼ੂਰੀ ਦੇਣ ਦੇ ਸੰਬੰਧ ‘ਚ ਆਪਣੇ ਆਦੇਸ਼ ਨੂੰ ਤਿੰਨ ਜੂਨ ਲਈ ਬੁੱਧਵਾਰ ਨੂੰ ਸੁਰੱਖਿਅਤ ਰੱਖ ਲਿਆ ਸੀ।

ਈ.ਡੀ. ਨੇ ਪਿਛਲੇ ਹੀ ਹਫ਼ਤੇ ਵਾਡਰਾ ਨੂੰ ਇਸ ਮਾਮਲੇ ‘ਚ ਮਿਲੀ ਪੇਸ਼ਗੀ ਜ਼ਮਾਨਤ ਰੱਦ ਕਰਨ ਲਈ ਕੋਰਟ ਦਾ ਰੁਖ ਕੀਤਾ ਸੀ ਅਤੇ ਉਦੋਂ ਦਿੱਲੀ ਹਾਈ ਕੋਰਟ ਨੇ ਜਵਾਬ ਮੰਗਦੇ ਹੋਏ ਵਾਡਰਾ ਨੂੰ ਨੋਟਿਸ ਜਾਰੀ ਕੀਤਾ ਸੀ। ਈ.ਡੀ. ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਵਾਡਰਾ ਨੂੰ ਹਿਰਾਸਤ ‘ਚ ਲੈਣ ਦੀ ਲੋੜ ਹੈ, ਕਿਉਂਕਿ ਉਹ ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਰਾਹਤ ਦੇਣ ਵਾਲੇ ਆਦੇਸ਼ ‘ਚ ਮਾਮਲੇ ਦੀ ਗੰਭੀਰਤਾ ‘ਤੇ ਵਿਚਾਰ ਨਹੀਂ ਕੀਤਾ। ਵਾਡਰਾ ਵਿਰੁੱਧ ਈ.ਡੀ. ਦਾ ਮਾਮਲਾ ਲੰਡਨ ਦੇ 12 ਬ੍ਰਾਇਨਸਟਨ ਸਕਾਇਰ ‘ਚ 19 ਲੱਖ ਪਾਊਂਡ ਕੀਮਤ ਦੀ ਜਾਇਦਾਦ ਦੀ ਖਰੀਦ ‘ਚ ਹੋਏ ਧਨ ਸੋਧ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ। ਇਸ ਜਾਇਦਾਦ ‘ਤੇ ਵਾਡਰਾ ਦਾ ਕਥਿਤ ਤੌਰ ‘ਤੇ ਮਾਲਕਾਨਾ ਹੱਕ ਹੈ। ਏਜੰਸੀ ਨੇ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਲੰਡਨ ‘ਚ ਵਾਡਰਾ ਨਾਲ ਜੁੜੀਆਂ ਕਈ ਨਵੀਆਂ ਜਾਇਦਾਦਾਂ ਦੀ ਸੂਚਨਾ ਮਿਲੀ ਹੈ। ਵਾਡਰਾ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਅਤੇ ਇਸ ਨੂੰ ਆਪਣੇ ਵਿਰੁੱਧ ਸਿਆਸੀ ਦੁਸ਼ਮਣੀ ਕਰਾਰ ਦਿੱਤਾ ਹੈ।