ਮੁਹਾਲੀ ਹਵਾਈ ਅੱਡੇ ’ਤੇ 314 ਯਾਤਰੀਆਂ ਦੀ ਹੋਈ ਜਾਂਚ

ਮੁਹਾਲੀ ਦੇ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੋਏ ਯਾਤਰੀ।

0
78
Share this post

ਐਸ.ਏ.ਐਸ. ਨਗਰ (ਮੁਹਾਲੀ), 18 ਮਾਰਚ ( 5ਆਬ ਨਾਉ ਬਿਊਰੋ ):

ਕਰੋਨਾਵਾਇਰਸ’ ਕਾਰਨ ਮੁਹਾਲੀ ਵਿੱਚ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ੀ ਸੈਲਾਨੀਆਂ ਦੀ ਆਵਾਜਾਈ ਹੋਣ ਕਾਰਨ ਸਿਹਤ ਵਿਭਾਗ ਨੇ ਚੌਕਸੀ ਵਧਾ ਦਿੱਤੀ ਹੈ। ਪਹਿਲਾਂ ਸਿਰਫ਼ ਕੌਮਾਂਤਰੀ ਉਡਾਣਾਂ ਦੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਸੀ ਪਰ ਹੁਣ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਜਾਂਚ ਸ਼ੁਰੂ ਕੀਤੀ ਹੈ। ਸਿਹਤ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਜ਼ਿਲ੍ਹਾ ਐਪੀਡੈਮੌਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਦੀ ਅਗਵਾਈ ਹੇਠ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ 314 ਮੁਸਾਫ਼ਿਰਾਂ ਦੀ ਸਕਰੀਨਿੰਗ ਕੀਤੀ। ਭਾਵੇਂ ਇਨ੍ਹਾਂ ਯਾਤਰੀਆਂ ਵਿੱਚ ਕਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ ਪਰ ਇਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰਹਿਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ’ਚ ਕਰੋਨਾਵਾਇਰਸ ਤੋਂ ਪੀੜਤ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਜਿਨ੍ਹਾਂ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸੀ, ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਸਾਰੀਆਂ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਜਾਂਚ ਕੀਤੀ ਗਈ ਹੈ।

ਪੁਣੇ ਤੋਂ ਆਈ ਫਲਾਈਟ ਦੇ ਯਾਤਰੀਆਂ ਦੀ ਨਹੀਂ ਹੋਈ ਜਾਂਚ

ਇਕ ਪਾਸੇ ਸਿਹਤ ਵਿਭਾਗ ਵੱਲੋਂ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਦੀ ਮੈਡੀਕਲ ਜਾਂਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਦੂਜੇ ਪਾਸੇ ਬੁੱਧਵਾਰ ਨੂੰ ਪੁਣੇ ਤੋਂ ਸਵੇਰੇ ਕਰੀਬ ਸਾਢੇ 6 ਵਜੇ ਮੁਹਾਲੀ ਹਵਾਈ ਅੱਡੇ ’ਤੇ ਪਹੁੰਚੀ ਫਲਾਈਟ ਦੇ ਕਿਸੇ ਵੀ ਯਾਤਰੀ ਦੀ ਜਾਂਚ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਣੇ ਵਿੱਚ ਪੜ੍ਹਾਈ ਕਰ ਰਹੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਅੱਜ ਪੁਣੇ ਤੋਂ ਆਪਣੇ ਘਰ ਆਉਣ ਲਈ ਮੁਹਾਲੀ ਏਅਰਪੋਰਟ ’ਤੇ ਉਤਰਿਆ ਸੀ ਅਤੇ ਹਵਾਈ ਅੱਡੇ ’ਤੇ ਕਰੋਨਾਵਾਇਰਸ ਦੀ ਜਾਂਚ ਲਈ ਇਕ ਵਿਸ਼ੇਸ਼ ਕਾਊਂਟਰ ਵੀ ਲੱਗਿਆ ਹੋਇਆ ਸੀ। ਵਿਦਿਆਰਥੀ ਨੇ ਦੱਸਿਆ ਕਿ ਫਲਾਈਟ ਤੋਂ ਥੱਲੇ ਉੱਤਰਨ ਤੋਂ ਬਾਅਦ ਉਹ ਅਤੇ ਬਾਕੀ ਯਾਤਰੀ ਮੈਡੀਕਲ ਕਾਊਂਟਰ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਗਏ। ਲਗਭਗ ਸਾਰੇ ਯਾਤਰੀਆਂ ਨੇ ਉੱਥੇ ਕਰੀਬ 15 ਤੋਂ 20 ਮਿੰਟ ਤੱਕ ਇੰਤਜ਼ਾਰ ਕੀਤਾ ਪਰ ਮੈਡੀਕਲ ਟੀਮ ਦਾ ਕੋਈ ਵੀ ਨੁਮਾਇੰਦਾ ਕਾਊਂਟਰ ’ਤੇ ਨਹੀਂ ਆਇਆ। ਇਸ ਮਗਰੋਂ ਉਹ ਆਪਣੇ ਮਾਪਿਆਂ ਨਾਲ ਕਾਰ ਵਿੱਚ ਬੈਠ ਕੇ ਆਪਣੇ ਘਰ ਚਲੇ ਗਏ। ਉਧਰ, ਇਸ ਸਬੰਧੀ ਸਿਹਤ ਵਿਭਾਗ ਦੀ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਦੇਰ ਸ਼ਾਮ ਤੱਕ ਕਿਸੇ ਯਾਤਰੀ ਨੇ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਭਲਕੇ ਤੋਂ ਸਾਰੇ ਯਾਤਰੀਆਂ ਦੀ ਮੈਡੀਕਲ ਜਾਂਚ ਯਕੀਨੀ ਬਣਾਈ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਸਵੇਰ ਦੀ ਡਿਊਟੀ ਵਾਲਾ ਸਟਾਫ਼ ਸਮੇਂ ਸਿਰ ਕਾਊਂਟਰ ’ਤੇ ਕਿਉਂ ਨਹੀਂ ਪੁੱਜਾ।