ਬਠਿੰਡਾ ਤੋਂ ਹਰਸਿਮਰਤ ਦੀ ਥਾਂ ਵੱਡੇ ਬਾਦਲ ਲੜ ਸਕਦੇ ਹਨ ਚੋਣ

0
226
Share this post

ਬਠਿੰਡਾ: 30 ਅਪ੍ਰੈਲ, (ਪੰਜਆਬ ਨਾਓ ਬਿਓਰੋ), ਪੰਜਾਬ ਲੋਕਸਭਾ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ ਅਤੇ ਨਾਮਜਦਗੀ ਕਾਗਜ ਭਰੇ ਜਾ ਰਹੇ ਹਨ, ਇਸਦੇ ਨਾਲ ਹੀ ਉਮੀਦਵਾਰ ਦੇ ਕਵਰਿੰਗ ਉਮੀਦਵਾਰ ਵਜੋਂ ਵੀ ਉਮੀਦਵਾਰੀ ਦੇ ਕਾਗਜ ਭਰੇ ਜਾ ਰਹੇ ਹਨ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੀ ਥਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ੁਦ ਚੋਣ ਲੜ ਸਕਦੇ ਹਨ। ਇਹ ਦਾਅਵਾ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਬਾਅਦ ਅਕਾਲੀ ਦਲ ਲਈ ਆਪਣਾ ਵਜੂਦ ਬਚਾਉਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ, ਇਸ ਕਰਕੇ ਸਾਬਕਾ ਮੁੱਖ ਮੰਤਰੀ ਨੂੰ ਹਰਸਿਮਰਤ ਕੌਰ ਬਾਦਲ ਦੀ ਥਾਂ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਦਾਖਲ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਹਾਲਾਤ ਬਣ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਦੀ ਥਾਂ ਖ਼ੁਦ ਚੋਣ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਸਿਆਸੀ ਚਾਲ ਹੈ ਤੇ ਐਨ ਮੌਕੇ ਉਤੇ ਹਰਸਿਮਰਤ ਬਾਦਲ ਦੀ ਥਾਂ ਵੱਡੇ ਬਾਦਲ ਮੈਦਾਨ ਵਿਚ ਨਿੱਤਰ ਸਕਦੇ ਹਨ। ਕਿਉਂਕਿ ਅਕਾਲੀ ਦਲ ਕੋਲ ਹੋਰ ਕੋਈ ਚਾਰਾ ਨਹੀਂ ਹੈ। ਬਠਿੰਡਾ ਸੀਟ ਹੱਥੋਂ ਖੁੱਸਣ ਤੋਂ ਬਚਾਉਣ ਲਈ ਅਕਾਲੀ ਦਲ ਕਿਸੇ ਵੀ ਹੱਦ ਤੱਕ ਵੀ ਜਾ ਸਕਦਾ ਹੈ।