ਪਾਕਿਸਤਾਨ ਨੇ ਸਿੱਖ ਸੰਗਤਾਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ

0
73
Share this post

 

ਇਸਲਾਮਾਬਾਦ :14 ਅਕਤੂਬਰ (5ਆਬ ਨਾਉ ਬਿਊਰੋ)

 

ਪਾਕਿਸਤਾਨ ਨੇ ਸਿੱਖ ਸੰਗਤਾਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਪਾਕਿ ਰੇਲਵੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਲਈ ਨਨਕਾਣਾ ਸਾਹਿਬ ਤੋਂ ਕਰਾਚੀ ਲਈ ਵਿਸ਼ੇਸ਼ ਰੇਲ ਗੱਡੀ ਚਲਾਈ ਹੈ। ਇਹ ਗੱਡੀ ਨਨਕਾਣਾ ਸਾਹਿਬ ਤੋਂ ਸਵੇਰੇ ਦਸ ਵਜੇ ਕਰਾਚੀ ਲਈ ਚੱਲੇਗੀ।

ਗੱਡੀ ਸ਼ੋਰਕੋਟ ਛਾਉਣੀ, ਖਾਨੇਵਾਲ, ਰੋਹੜੀ, ਨਵਾਬ ਸ਼ਾਹ, ਸ਼ਹਿਦਾਦਪੁਰ, ਹੈਦਰਾਬਾਦ ਤੇ ਕਰਾਚੀ ਛਾਉਣੀ ਦੇ ਰਸਤੇ ਸੋਮਵਾਰ ਨੂੰ ਸਵੇਰੇ 11:50 ਵਜੇ ਕਰਾਚੀ ਪੁੱਜੇਗੀ। ਰੇਲਵੇ ਨੇ ਵਿਸ਼ੇਸ਼ ਗੱਡੀ ਦੇ ਏਸੀ ਡੱਬਿਆਂ ਵਿੱਚੋਂ ਸੀਟਾਂ ਹਟਾ ਕੇ ਉਸ ਵਿੱਚ ਲਾਲ ਕਲੀਨ ਵਿਛਾਇਆ ਹੈ ਜਦੋਂਕਿ ਇੱਕ ਡੱਬਾ ਵਿਸ਼ੇਸ਼ ਤੌਰ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਤਿਆਰ ਕੀਤਾ ਗਿਆ ਹੈ।

ਗੱਡੀ ਵਿੱਚ ਗੁਰੂ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਵਾਲੀ ਥਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ ਹਨ। ਸਿੱਖਾਂ ਦਾ ਪਹਿਲਾ ਜਥਾ ਵਿਸ਼ੇਸ਼ ਰੇਲ ਗੱਡੀ ਰਾਹੀਂ ਨਵੰਬਰ ਦੇ ਪਹਿਲੇ ਹਫ਼ਤੇ ਪਾਕਿ ਜਾਏਗਾ।