ਨੇਪਾਲ ‘ਚ ਦੇਵੀ ਨੂੰ ਖੁਸ਼ ਕਰਨ ਲਈ ਦਿੱਤੀ ਦੋ ਲੱਖ ਪਸ਼ੂਆਂ ਦੀ ਬਲੀ

0
19
Share this post

 

ਨਵੀਂ ਦਿੱਲੀ : 5 ਦਸੰਬਰ (5ਆਬ ਨਾਉ ਬਿਊਰੋ)

ਨੇਪਾਲ ਵਿੱਚ ਦੇਵੀ ਗਧੀਮਾਈ ਦਾ ਇੱਕ ਅਜਿਹਾ ਤਿਉਹਾਰ ਹੈ ਜਦੋਂ ਦੋ ਲੱਖ ਤੋਂ ਵੱਧ ਪਸ਼ੂਆਂ ਦੀ ਬਲੀ ਦੇ ਦਿੱਤੀ ਜਾਂਦੀ। ਇਹ ਤਿਉਹਾਰ ਪੰਜ ਸਾਲ ਬਾਅਦ ਮਨਾਇਆ ਜਾਂਦਾ ਹੈ। ਸਰਕਾਰ ਨੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਦੇਵੀ ਦੇ ਸ਼ਰਧਾਲੂ ਬਲੀ ਦੇਣ ਤੋਂ ਪਿੱਛੇ ਨਹੀਂ ਹਟ ਰਹੇ। ਇਸ ਤਿਉਹਾਰ ਮੌਕੇ ਭਾਰਤ ਤੋਂ ਵੀ ਅਨੇਕਾਂ ਲੋਕ ਜਾ ਕੇ ਬਲੀ ਦਿੰਦੇ ਹਨ।

ਦੋ ਦਿਨ ਚੱਲਣ ਵਾਲਾ ਇਹ ਸਮਾਗਮ ਹਿੰਦੂ ਦੇਵੀ ਗਧੀਮਾਈ ਨੂੰ ਸਮਰਪਿਤ ਹੈ। ਇਸ ਦੌਰਾਨ ਲੋਕਾਂ ਵੱਲੋਂ ਇੱਕ ਬੱਕਰੀ, ਚੂਹੇ, ਮੁਰਗੇ, ਸੂਰ ਤੇ ਇੱਕ ਕਬੂਤਰ ਦੀ ਬਲੀ ਦਿੱਤੀ ਜਾਂਦੀ ਹੈ। ਸਥਾਨਕ ਤਾਂਤਰਿਕ ਆਪਣੇ ਸਰੀਰ ਦੀਆਂ ਪੰਜ ਥਾਵਾਂ ਤੋਂ ਖੂਨ ਕੱਢ ਕੇ ਦੇਵੀ ਨੂੰ ਚੜ੍ਹਾਉਂਦਾ ਹੈ। ਇਸ ਮਗਰੋਂ 200 ਦੇ ਕਰੀਬ ਬੁੱਚੜ ਤੇਜ਼ਧਾਰ ਤਲਵਾਰਾਂ ਤੇ ਚਾਕੂਆਂ ਨਾਲ ਫੁਟਬਾਲ ਦੇ ਗਰਾਊਂਡ ਜਿੱਡੇ ਮੈਦਾਨ ’ਚ ਆਉਂਦੇ ਹਨ ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਪਸ਼ੂ ਬੰਨ੍ਹੇ ਹੁੰਦੇ ਹਨ।

ਤਿਉਹਾਰ ਦੇ ਪ੍ਰਬੰਧਕ ਬੀਰੇਂਦਰ ਪ੍ਰਸਾਦ ਯਾਦਵ ਨੇ ਕਿਹਾ, ‘ਅਸੀਂ ਇਸ ਰਵਾਇਤ ਨੂੰ ਹਮਾਇਤ ਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦਾ ਇਸ ’ਚ ਵਿਸ਼ਵਾਸ ਹੈ ਤੇ ਉਹ ਆਪਣੇ ਚੜ੍ਹਾਵੇ ਨਾਲ ਇੱਥੇ ਆਏ ਹਨ।’ ਉਂਝ ਸਮਾਜ ਸੇਵੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਸ ਹੈ ਇਸ ਵਾਰ ਇੱਥੇ ਘੱਟ ਪਸ਼ੂਆਂ ਦੀ ਬਲੀ ਦਿੱਤੀ ਜਾਵੇਗੀ। ਪੰਜ ਸਾਲ ਪਹਿਲਾਂ ਇੱਥੇ ਦੋ ਲੱਖ ਦੇ ਕਰੀਬ ਪਸ਼ੂਆਂ ਦੀ ਬਲੀ ਦਿੱਤੀ ਗਈ ਸੀ।

ਬਲੀ ਚੜ੍ਹਾਏ ਗਏ ਪਸ਼ੂਆਂ ਦਾ ਮਾਸ ਸ਼ਰਧਾਲੂ ਆਪਣੇ ਨਾਲ ਪਕਾਉਣ ਲਈ ਘਰ ਲਿਜਾ ਸਕਦੇ ਹਨ ਜਾਂ ਪ੍ਰਬੰਧਕਾਂ ਵੱਲੋਂ ਸਾੜੇ ਜਾਣ ਲਈ ਛੱਡ ਜਾਂਦੇ ਹਨ। ਨੇਪਾਲ ਤੇ ਭਾਰਤ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਬਰੀਆਰਪੁਰ ਪਿੰਡ ’ਚ ਹੋਣ ਵਾਲੇ ਤਿਉਹਾਰ ’ਚ ਸ਼ਾਮਲ ਹੋਣ ਲਈ ਪਹੁੰਚਦੇ ਹਨ। ਇੱਕ ਮਾਨਤਾ ਅਨੁਸਾਰ ਸਭ ਤੋਂ ਪਹਿਲਾਂ ਦੇਵੀ ਗਧੀਮਾਈ ਨੇ ਜੇਲ੍ਹ ’ਚ ਬੰਦ ਇੱਕ ਵਿਅਕਤੀ ਨੂੰ ਸੁਫ਼ਨੇ ’ਚ ਦਰਸ਼ਨ ਦੇ ਕੇ ਬਲੀ ਮੰਗੀ ਸੀ। ਇਸ ਮਗਰੋਂ ਦੇਵੀ ਗਧੀਮਾਈ ਦਾ ਮੰਦਰ ਬਣਾਇਆ ਗਿਆ ਜਿੱਥੇ ਹੁਣ ਇਹ ਤਿਉਹਾਰ ਮਨਾਇਆ ਜਾਂਦਾ ਹੈ।