ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਅਰਡਰਨ ਨੇ 40 ਸਾਲ ਪਹਿਲਾਂ ਹੋਏ ਜਹਾਜ਼ ਹਾਦਸੇ ਦੇ ਮਾਮਲੇ ‘ਚ ਮੰਗੀ ਮੁਆਫੀ

0
39
Share this post

 

ਵੈਲਿੰਗਟਨ : 28 ਨਵੰਬਰ (5ਆਬ ਨਾਉ ਬਿਊਰੋ)

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ 40 ਸਾਲ ਪਹਿਲਾਂ ਅੰਟਾਰਟਿਕਾ ਵਿਚ ਹੋਏ ਇਕ ਜਹਾਜ਼ ਹਾਦਸੇ ਦੇ ਮਾਮਲੇ ਵਿਚ ਉਸ ਸਮੇਂ ਦੀ ਸਰਕਾਰ ਵੱਲੋਂ ਮੁਆਫੀ ਮੰਗੀ ਹੈ। ਉਸ ਹਾਦਸੇ ਵਿਚ 237 ਯਾਤਰੀਆਂ ਅਤੇ ਚਾਲਕ ਦਲ ਦੇ 20 ਮੈਂਬਰਾਂ ਦੀ ਮੌਤ ਹੋ ਗਈ ਸੀ।  ਇੱਥੇ ਦੱਸਣਯੋਗ ਹੈ ਕਿ ਏਅਰ ਨਿਊਜ਼ੀਲੈਂਡ ਦੀ ਫਲਾਈਟ 901 ਆਕਲੈਂਡ ਦੇ ਦੇਖਣ ਯੋਗ ਸਥਲਾਂ ਦੀ ਯਾਤਰਾ ‘ਤੇ 28 ਨਵੰਬਰ, 1979 ਨੂੰ ਰਵਾਨਾ ਹੋਈ ਸੀ। ਅਮਰੀਕੀ ਅੰਟਾਰਟਿਕ ਅਨੁਸੰਧਾਨ ਬੇਸ ਦੇ ਮੈਕਮਰਡੋ ਸਟੇਸ਼ਨ ਦੇ ਨੇੜੇ ਸਥਿਤ ਮਾਊਂਟ ਏਰੇਬਸ ਜਵਾਲਾਮੁਖੀ ਦੇ ਕਿਨਾਰੇ ਇਹ ਜਹਾਜ਼ ਕਰੈਸ਼ ਹੋ ਗਿਆ ਸੀ।

ਉਸ ਹਾਦਸੇ ਵਿਚ ਕੁੱਲ 257 ਲੋਕਾਂ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਨਿਊਜ਼ੀਲੈਂਡ ਦੇ ਨਾਗਰਿਕ ਸਨ। ਇਸ ਦੇ ਨਾਲ ਹੀ ਜਹਾਜ਼ ਵਿਚ ਕੁਝ ਅਮਰੀਕੀ, ਕੈਨੇਡੀਅਨ, ਜਾਪਾਨੀ ਅਤੇ ਆਸਟ੍ਰੇਲੀਆਈ ਨਾਗਰਿਕ ਵੀ ਸਨ। ਹਾਦਸੇ ਦੇ ਬਾਅਦ ਦੋਸ਼ ਲਗਾਇਆ ਗਿਆ ਸੀ ਕਿ ਹਾਦਸਾ ਪਾਇਲਟਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਸੀ ਪਰ ਜਨਤਕ ਨਾਰਾਜ਼ਗੀ ਦੇ ਬਾਅਦ ਹਾਦਸੇ ਦੀ ਜਾਂਚ ਦੇ ਲਈ ਇਕ ਰੋਇਲ ਕਮਿਸ਼ਨ ਆਫ ਇਨਕਵਾਇਰੀ ਸਥਾਪਿਤ ਕੀਤੀ ਗਈ ਸੀ।ਜਾਂਚ ਵਿਚ ਇਹ ਨਤੀਜਾ ਕੱਢਿਆ ਗਿਆ ਕਿ ਹਾਦਸੇ ਦਾ ਮੁੱਖ ਕਾਰਨ ਇਹ ਸੀ ਕਿ ਸਰਕਾਰੀ ਜਹਾਜ਼ ਕੰਪਨੀ ਨੇ ਜਹਾਜ਼ ਦੇ ਨੇਵੀਗੇਸ਼ਨ ਸਿਸਟਮ ਦੀ ਰੀ-ਪ੍ਰੋਗਰਾਮਿੰਗ ਕੀਤੀ ਸੀ ਅਤੇ ਇਸ ਦੇ ਬਾਰੇ ਵਿਚ ਚਾਲਕ ਦਲ ਨੂੰ ਕੋਈ ਜਾਣਕਾਰੀ ਨਹੀਂ ਸੀ।

ਕਮਿਸ਼ਨ ਦੇ ਪ੍ਰਮੁੱਖ ਸਾਬਕਾ ਨਿਆਂਮੂਰਤੀ ਪੀਟਰ ਮਹੋਨ ਨੇ ਵਿਵਾਦਮਈ ਰੂਪ ਨਾਲ ਇਹ ਵੀ ਕਿਹਾ ਕਿ ਏਅਰ ਨਿਊਜ਼ੀਲੈਂਡ ਦੇ ਗਵਾਹਾਂ ਨੇ ਝੂਠੇ ਸਬੂਤ ਦੇਣ ਦੀ ਸਾਜਿਸ ਰਚੀ ਸੀ। ਲਿਹਾਜਾ ਏਅਰ ਨਿਊਜ਼ੀਲੈਂਡ ਅਤੇ ਸਰਕਾਰ ਦੋਹਾਂ ਨੇ ਉਨ੍ਹਾਂ ਦੀ ਰਿਪੋਰਟ ਦੀ ਆਲੋਚਨਾ ਕੀਤੀ ਸੀ। ਪ੍ਰਧਾਨ ਮੰਤਰੀ ਅਰਡਰਨ ਨੇ ਵੀਰਵਾਰ ਨੂੰ ਆਕਲੈਂਡ ਦੇ ਗਵਰਮੈਂਟ ਹਾਊਸ ਵਿਚ ਇਕ ਸਮਾਰਕ ਸੇਵਾ ਵਿਚ ਕਿਹਾ,”ਉਸ ਸਮੇਂ ਦੀ ਸਰਕਾਰ ਅਤੇ ਏਅਰਲਾਈਨ ਦੀਆਂ ਕਾਰਵਾਈਆਂ ਨੇ ਪੀੜਤਾਂ ਦੇ ਪਰਿਵਾਰਾਂ ਨੂੰ ਵਧੇਰੇ ਦਰਦ ਅਤੇ ਦੁੱਖ ਪਹੁੰਚਾਇਆ ਸੀ।”ਅਰਡਰਨ ਨੇ ਆਪਣੇ ਬਿਆਨ ਵਿਚ ਕਿਹਾ,”ਘਟਨਾ ਦੇ 40 ਸਾਲ ਬਾਅਦ ਅੱਜ ਦੀ ਸਰਕਾਰ ਵੱਲੋਂ ਏਅਰਲਾਈਨ ਦੇ ਕੰਮਾਂ ਲਈ ਮੁਆਫੀ ਮੰਗਣ ਦਾ ਸਮਾਂ ਆ ਗਿਆ ਹੈ, ਜਿਸ ਕਾਰਨ ਅਖੀਰ ਜਹਾਜ਼ ਨੂੰ ਨੁਕਸਾਨ ਹੋਇਆ ਅਤੇ ਤੁਹਾਨੂੰ ਆਪਣੇ ਪਿਆਰੇ ਪਰਿਵਾਰ ਵਾਲਿਆਂ ਨੂੰ ਗਵਾਉਣਾ ਪਿਆ।” ਉਨ੍ਹਾਂ ਨੇ ਅੱਗੇ ਕਿਹਾ,”ਇਸ ਤ੍ਰਾਸਦੀ ਲਈ ਪਾਇਲਟ ਜ਼ਿੰਮੇਵਾਰ ਨਹੀ ਸਨ ਅਤੇ ਮੈਂ ਅੱਜ ਫਿਰ ਤੋਂ ਇਹ ਦੱਸਣ ਲਈ ਇੱਥੇ ਖੜ੍ਹੀ ਹਾਂ।”

ਅਰਡਰਨ ਨੇ ਸਵੀਕਾਰ ਕੀਤਾ ਕਿ ਰੋਇਲ ਕਮਿਸ਼ਨ ਦੇ ਨਤੀਜਿਆਂ ਨੂੰ ਉਸ ਸਮੇਂ ਦੀ ਸਰਕਾਰ ਨੇ ਸਵੀਕਾਰ ਨਹੀਂ ਕੀਤਾ ਸੀ। ਇਸ ਰਿਪੋਰਟ ਨੂੰ 20 ਸਾਲ ਬਾਅਦ ਸੰਸਦ ਵਿਚ ਪੇਸ਼ ਕੀਤਾ ਗਿਆ ਸੀ। ਸਾਲ 2009 ਵਿਚ ਏਅਰ ਨਿਊਜ਼ੀਲੈਂਡ ਨੇ ਹਾਦਸੇ ਦੇ ਬਾਅਦ ਏਅਰਲਾਈਨ ਵੱਲੋਂ ਕੀਤੀਆਂ ਗਈਆਂ ਗਲਤੀਆਂ ਲਈ ਪੀੜਤਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗੀ ਸੀ। ਵੀਰਵਾਰ ਨੂੰ ਏਅਰ ਨਿਊਜ਼ੀਲੈਂਡ ਦੀ ਚੇਅਰਮੈਨ ਥੇਰੇਸੀ ਵਾਲਸ਼ ਨੇ ਵੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ।