ਨਵਜੋਤ ਕੌਰ ਸਿੱਧੂ ਦੀ ਕਰੀਬੀ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਿਲ

0
259
Share this post

ਚੰਡੀਗੜ੍ਹ: 30 ਅਪ੍ਰੈਲ, (ਪੰਜਆਬ ਨਾਓ ਬਿਓਰੋ), ਚੰਡੀਗੜ੍ਹ ਦੀ ਸਾਬਕਾ ਮੇਅਰ ਅਤੇ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਪੂਨਮ ਸ਼ਰਮਾ ਨੇ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਪੂਨਮ ਸ਼ਰਮਾ ਕਾਂਗਰਸ ਪਾਰਟੀ ਛੱਡ ਕੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਅਤੇ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਪੂਨਮ ਸ਼ਰਮਾ ਨਵਜੋਤ ਕੌਰ ਸਿੱਧੂ ਦੀ ਕਾਫ਼ੀ ਕਰੀਬੀ ਰਹੀ ਹੈ। ਇਸ ਮੌਕੇ ਪੂਨਮ ਸ਼ਰਮਾ ਨੇ ਕਿਹਾ ਹੈ ਕਿ ਉਹ ਕਾਂਗਰਸ ਵਿੱਚ ਕਾਫ਼ੀ ਸਮਾਂ ਰਹੀ ਹੈ, ਪਰ ਮੈਨੂੰ ਲੱਗਾ ਹੈ ਕਿ ਹੁਣ ਮੈਂ ਸੱਚੀ ਪਾਰਟੀ ਵਿੱਚ ਸ਼ਾਮਿਲ ਹੋਈ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕਿਰਨ ਖੇਰ ਅਤੇ ਨਰਿੰਦਰ ਮੋਦੀ ਨੂੰ ਜਿਤਾਉਣਾ ਹੈ ਤੇ ਇਹੀ ਉਹਨਾਂ ਦਾ ਮਕਸਦ ਹੈ। ਪੂਨਮ ਸ਼ਰਮਾ ਨੇ ਕਿਹਾ ਹੈ ਕਿ ਕਿਰਨ ਖੇਰ ਉਹ ਹੈ ਜਿਸ ਨੇ ਗਰੀਬਾਂ ਦਾ ਦਸ ਰੁਪਏ ‘ਚ ਪੇਟ ਭਰਿਆ ਹੈ।ਕਿਰਨ ਖੇਰ ਨੇ ਬਹੁਤ ਬਦਲਾਅ ਕੀਤਾ ਹੈ ਅਤੇ ਚੰਡੀਗੜ੍ਹ ਵਿੱਚ ਅਨੁਸੂਚਿਤ ਜਾਤੀਆਂ ਨੂੰ ਕਾਫ਼ੀ ਕੁੱਝ ਦਿੱਤਾ ਹੈ। ਪੂਨਮ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿਰਫ਼ ਆਪਣੀ ਪਤਨੀ ਨੂੰ ਹੀ ਟਿਕਟ ਦਿੱਤੀ ਹੈ, ਉਸਨੇ ਪਾਰਟੀ ਵਿੱਚ ਹੋਰ ਕਿਸੇ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਅਤੇ ਉਹ ਚਾਹੁੰਦੇ ਵੀ ਨਹੀਂ ਹਨ ਕਿ ਕਿਸੇ ਮਹਿਲਾ ਨੂੰ ਟਿਕਟ ਮਿਲੇ। ਤੁਹਾਨੂੰ ਦੱਸ ਦੇਈਏ ਕਿ ਪੂਨਮ ਸ਼ਰਮਾ ਲੋਕ ਸਭਾ ਚੋਣਾਂ ਵਿਚ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇਣ ਕਰਕੇ ਨਰਾਜ਼ ਚੱਲ ਰਹੀ ਸੀ ਅਤੇ ਉਹ ਚੰਡੀਗੜ੍ਹ ਕਾਂਗਰਸ ਦੀਆਂ ਸਰਗਰਮੀਆਂ ਵਿਚ ਵੀ ਨਾਂ ਮਾਤਰ ਹੀ ਸ਼ਾਮਲ ਹੋ ਰਹੀ ਸੀ।