ਦੇਸ਼ ‘ਚ ਸੋਕੇ ਤੇ ਹੜ੍ਹਾ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਹੋਵੇਗਾ ਭਾਰੀ ਵਾਧਾ

0
195
Share this post

 

ਮੁੰਬਈ —19 ਜੁਲਾਈ:( 5ਆਬ ਨਾਉ ਬਿਊਰੋ )

 

ਦੇਸ਼ ‘ਚ ਕਿਸੇ ਥਾਂ ਸੋਕੇ ਵਰਗੀ ਸਥਿਤੀ ਪੈਦਾ ਹੋਣ ਅਤੇ ਕਿਸੇ ਥਾਂ ਭਾਰੀ ਹੜ੍ਹਾ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਭਾਰਤੀ ਸੂਬਿਆਂ ‘ਚ ਜਿਥੇ ਮਾਨਸੂਨ ਦਾ ਇੰਤਜ਼ਾਰ ਕਰਦੇ ਖੇਤ ਸੁੱਕ ਰਹੇ ਹਨ ਉਥੇ ਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ ‘ਚ ਹੜ੍ਹ੍ਹਾਂ ਕਾਰਨ ਫਸਲਾਂ ਬਰਬਾਦ ਹੋ ਚੁੱਕੀਆਂ ਹਨ।

ਬੁੱਧਵਾਰ ਨੂੰ ਮੁੰਬਈ ਦੀ ਥੋਕ ਮੰਡੀ ਵਿਚ ਹਾਈਬ੍ਰਿਡ ਟਮਾਟਰ 18 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵੇਚਿਆ ਜਾ ਰਿਹਾ ਸੀ ਉਥੇ 50 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਇਸ ਦੇ ਭਾਅ 12 ਰੁਪਏ ਪ੍ਰਤੀ ਕਿਲੋਗ੍ਰਾਮ ਸਨ। ਇਸੇ ਤਰ੍ਹਾਂ ਦਿੱਲੀ ਦੀ ਮੰਡੀ ‘ਚ ਟਮਾਟਰ ਦੀ ਸਥਾਨਕ ਕਿਸਮ ਦੇ ਭਾਅ ਬੁੱਧਵਾਰ ਨੂੰ ਹੈਰਾਨੀਜਨਕ ਰੂਪ ਨਾਲ 82 ਫੀਸਦੀ ਤੱਕ ਉਛਲ ਕੇ 30.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਪਹੁੰਚ ਗਏ, ਜਦੋਂਕਿ 1 ਜੁਲਾਈ ਨੂੰ ਇਸ ਦੇ ਭਾਅ 16.75 ਰੁਪਏ ਪ੍ਰਤੀ ਕਿਲੋਗ੍ਰਾਮ ਸਨ।

ਇਸ ਦੇ ਨਾਲ ਹੀ ਬੰਦਗੋਭੀ, ਫੁੱਲਗੋਭੀ ਅਤੇ ਬੈਂਗਨ ਦੀਆਂ ਕੀਮਤਾਂ ‘ਚ ਵੀ ਇਸ ਮਹੀਨੇ ਵਾਧਾ ਦਿਖਾਈ ਦਿੱਤਾ ਹੈ। ਸਬਜ਼ੀਆਂ ਪੂਰੀ ਤਰ੍ਹਾਂ ਨਾਲ ਸਪਲਾਈ ‘ਤੇ ਨਿਰਭਰ ਕਰਦੀਆਂ ਹਨ ਇਸ ਲਈ ਇਸ ਦੀਆਂ ਕੀਮਤਾਂ ਵਿਚ ਵਾਧਾ ਪਾਲਸੀ ਨਿਰਮਾਤਾਵਾਂ, ਥੋਕ ਵਿਕਰੇਤਾਵਾਂ ਅਤੇ ਉਪਭੋਗਤਾਵਾਂ ਨੂੰ ਬਰਾਬਰ ਰੂਪ ਨਾਲ ਚਿੰਤਤ ਕਰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਾਨਸੂਨ ਦੇ ਇਸ ਸੀਜ਼ਨ ‘ਚ ਮਹਾਰਾਸ਼ਟਰ ਦੇ ਕੁਝ ਇਲਾਕਿਆਂ ‘ਚ ਚੰਗਾ ਮੀਂਹ ਪਿਆ ਹੈ ਪਰ ਨਾਸਿਕ ਸਮੇਤ ਕਈ ਪ੍ਰਮੁੱਖ ਸਬਜ਼ੀ ਸਪਲਾਈ ਖੇਤਰਾਂ ਵਿਚ ਮਾਨਸੂਨ ਦੀ ਕਮੀ ਰਹੀ ਹੈ। ਇਸ ਸਾਲ ਮਾਨਸੂਨ ਦੀ ਸ਼ੁਰੂਆਤ ਵਿਚ ਲਗਭਗ ਤਿੰਨ ਹਫਤੇ ਦੀ ਦੇਰੀ ਦੇ ਬਾਅਦ ਕਿਸਾਨਾਂ ਨੇ ਤੁਰੰਤ ਹੀ ਬਾਰਿਸ਼ ਦੀ ਕਮੀ ਦਾ ਅੰਦਾਜ਼ਾ ਲਗਾ ਲਿਆ ਸੀ। ਇਸ ਤਰ੍ਹਾਂ ਕਿਸਾਨਾਂ ਨੇ ਘੱਟ ਰਕਬੇ ਵਿਚ ਸਬਜ਼ੀ ਦੀ ਬਿਜਾਈ ਕੀਤੀ ਅਤੇ ਇਸ ਦੇ ਨਤੀਜੇ ਵਜੋਂ ਇਸ ਸੀਜ਼ਨ ‘ਚ ਹੁਣ ਤੱਕ ਸਪਲਾਈ ਦੀ ਕਮੀ ਰਹੀ ਹੈ। ਜਦੋਂ ਤੱਕ ਪ੍ਰਮੁੱਖ ਉਤਪਾਦਕ ਖੇਤਰਾਂ ਵਿਚ ਮਾਨਸੂਨ ਦੀ ਬਾਰਿਸ਼ ਸ਼ੁਰੂ ਨਹੀਂ ਹੋ ਜਾਂਦੀ, ਉਸ ਸਮੇਂ ਤੱਕ ਉਪਭੋਗਤਾਵਾਂ ਨੂੰ ਸਬਜ਼ੀਆਂ ਦੀਆਂ ਜ਼ਿਆਦਾ ਕੀਮਤਾਂ ਤੋਂ ਕੋਈ ਰਾਹਤ ਨਹੀਂ ਮਿਲੇਗੀ।

ਸੂਤਰਾਂ ਮੁਤਾਬਕ ਕਿਸਾਨ ਘੱਟ ਉਪਜ ਦੇ ਡਰ ਕਾਰਨ ਇਸ ਸੀਜ਼ਨ ਵਿਚ ਸਬਜ਼ੀਆਂ ਦੀ ਬਿਜਾਈ ਸ਼ੁਰੂ ਕਰਨ ਤੋਂ ਝਿਜਕ ਰਹੇ ਹਨ। ਪਿਛਲੇ ਸਾਲ ਘੱਟ ਬਾਰਿਸ਼ ਦੇ ਕਾਰਨ ਮਹਾਰਾਸ਼ਟਰ ਦੇ ਕੁਝ ਹਿੱਸਿਆਂ ‘ਚ ਤਾਂ ਕਿਸਾਨਾਂ ਦੀ ਪੂਰੀ ਫਸਲ ਬਰਬਾਦ ਹੋ ਗਈ, ਜਦੋਂਕਿ ਸੂਬੇ ਦੇ ਦੂਜੇ ਹਿੱਸਿਆਂ ਵਿਚ ਕਿਸਾਨ ਪਹਿਲੇ ਦੌਰ ਦੀ ਤੁੜਵੀ ਤੋਂ ਬਾਅਦ ਫਸਲ ਇਕੱਠੀ ਨਹੀਂ ਕਰ ਸਕੇ ਜਿਸ ਕਾਰਨ 50-60 ਫੀਸਦੀ ਤੋਂ ਜ਼ਿਆਦਾ ਫਸਲ ਖਰਾਬ ਹੋ ਗਈ। ਹੁਣ ਮਾਨਸੂਨ ਦੀ ਬਾਰਿਸ਼ ਦੀ ਸ਼ੁਰੂਆਤ ਦੇ ਨਾਲ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 90 ਦਿਨਾਂ ਦੇ ਔਸਤ ਫਸਲ ਚੱਕਰ ਦੇ ਨਾਲ ਅਗਲੇ 45 ਦਿਨਾਂ ‘ਚ ਪਹਿਲੀ ਊਪਜ ਮਿਲੇਗੀ। ਇਸ ਲਈ ਸਬਜ਼ੀ ਦੀ ਸਪਲਾਈ ‘ਚ 30-45 ਦਿਨਾਂ ਵਿਚ ਹੀ ਵਾਧਾ ਹੋਵੇਗਾ।

ਦਿੱਲੀ, ਮੁੰਬਈ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ ਕਿਉਂਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ ਤੋਂ ਹੋਣ ਵਾਲੀ ਸਪਲਾਈ ਹੜ੍ਹਾਂ ਕਾਰਨ ਪ੍ਰਭਾਵਿਤ ਹੋਈ ਸੀ। ਫੁੱਲਗੋਭੀ ਦੀ ਕੁੱਲ ਆਮਦ 17 ਜੁਲਾਈ ਨੂੰ ਫਿਸਲ ਕੇ 18.2 ਟਨ ਰਹਿ ਗਈ ਜਿਹੜੀ ਕਿ ਮਹੀਨੇ ਦੀ ਸ਼ੁਰੂਆਤ ‘ਚ 22.5 ਟਨ ਸੀ। ਇਸ ਸਮੀਖਿਆ ਅਧੀਨ ਮਿਆਦ ਦੇ ਦੌਰਾਨ ਕਰੇਲੇ ਦੀ ਆਮਦ ਡਿੱਗ ਕੇ ਸਿਰਫ 2.6 ਟਨ ਰਹਿ ਗਈ ਜਿਹੜੀ ਕਿ ਪਹਿਲਾਂ 6.1 ਟਨ ਸੀ। ਹਾਲਾਂਕਿ ਪ੍ਰਚੂਨ ਬਜ਼ਾਰ ਅਜੇ ਤੱਕ ਲਚਕੀਲੇ ਰਹੇ ਹਨ ਕਿਉਂਕਿ ਥੋਕ ਬਜ਼ਾਰ ਵਿਚ ਤੇਜ਼ੀ ਨਾਲ ਵਧ ਰਹੀਆਂ ਕੀਮਤਾਂ ਦਾ ਅਸਰ ਸਥਾਨਕ ਮੰਡੀ ਤੱਕ ਪਹੁੰਚਣ ‘ਚ ਲਗਭਗ ਇਕ  ਹਫਤੇ ਦਾ ਸਮਾਂ ਲਗਦਾ ਹੈ। ਦੂਜੇ ਪਾਸੇ ਸਾਵਣ ਦਾ ਮਹੀਨਾ ਆਉਣ ਕਾਰਨ ਸਬਜ਼ੀਆਂ ਦੀ ਮੰਗ ਵਧਣ ਵਾਲੀ ਹੈ।

ਮੌਸਮ ਵਿਭਾਗ ਤੋਂ ਮਿਲੇ ਅੰਕੜੇ ਦੱਸਦੇ ਹਨ ਕਿ 1 ਜੂਨ ਤੋਂ 10 ਜੁਲਾਈ ਦੇ ਵਿਚ ਵਾਲੀ ਮਿਆਦ ਦੌਰਾਨ ਕੁੱਲ ਬਾਰਿਸ਼ ‘ਚ 14 ਫੀਸਦੀ ਦੀ ਕਮੀ ਰਹੀ ਹੈ। ਬਾਰਿਸ਼ ‘ਚ ਹੋਲੀ-ਹੋਲੀ ਸੁਧਾਰ ਸ਼ੁਰੂ ਹੋ ਗਿਆ ਹੈ, ਇਸ ਲਈ ਆਉਣ ਵਾਲੇ ਹਫਤਿਆਂ ‘ਚ ਸਬਜ਼ੀਆਂ ਦੀ ਕੁੱਲ ਬਿਜਾਈ ‘ਚ ਵਾਧਾ ਹੋਣ ਦੀ ਸੰਭਾਵਨਾ ਹੈ।