ਤਾਮਿਲਨਾਡੂ ‘ਚ ਬੋਰਵੈੱਲ ‘ਚ ਡਿਗਾ 2 ਸਾਲ ਦਾ ਬੱਚਾ ਹੋਇਆ ਬੇਹੋਸ਼, ਰੈਸਕਿਊ ਜਾਰੀ

0
85
Share this post

 

ਚੇਨਈ — 28 ਅਕਤੂਬਰ  (5ਆਬ ਨਾਉ ਬਿਊਰੋ)

ਤਾਮਿਲਨਾਡੂ ਦੇ ਤ੍ਰਿਚੀ ਜ਼ਿਲੇ ‘ਚ ਬੋਰਵੈੱਲ ‘ਚ ਫਸੇ 2 ਸਾਲ ਦੇ ਬੱਚੇ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 2 ਸਾਲ ਦਾ ਬੱਚਾ ਬੋਰਵੈੱਲ ‘ਚ ਬੇਹੋਸ਼ ਹੋ ਗਿਆ ਹੈ, ਹਾਲਾਂਕਿ ਉਸ ਦੇ ਸਾਹ ਹਾਲੇ ਵੀ ਚੱਲ ਰਹੇ ਹਨ। ਦੂਜੇ ਪਾਸੇ ਬੱਚੇ ਨੂੰ ਬਚਾਉਣ ਲਈ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ, ਰਾਜ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਕਈਆਂ ਟੀਮਾਂ ਨੂੰ ਲੱਗਾ ਦਿੱਤਾ ਗਿਆ ਹੈ।

70 ਫੁੱਟ ਦੀ ਡੂੰਘਾਈ ਤੱਕ ਫਿਸਲਿਆ
ਅਧਿਕਾਰੀਆਂ ਅਨੁਸਾਰ 2 ਸਾਲ ਦਾ ਮਾਸੂਮ ਪਹਿਲਾਂ 26 ਫੁੱਟ ਡੂੰਘੀ ਖੱਡ ‘ਚ ਡਿੱਗਿਆ ਸੀ ਪਰ ਅਚਾਨਕ ਉਹ 70 ਫੁੱਟ ਦੀ ਡੂੰਘਾਈ ਤੱਕ ਫਿਸਲ ਗਿਆ। ਅਧਿਕਾਰੀ ਪਹਿਲਾਂ ਉਸ ਨੂੰ ਰੱਸੀ ਦੀ ਮਦਦ ਨਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਜਦੋਂ ਸਫ਼ਲਤਾ ਨਹੀਂ ਮਿਲੀ ਤਾਂ ਬੋਰਵੈੱਲ ਦੇ ਸਾਮਾਨ ਇਕ ਮੀਟਰ ਚੌੜੀ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਰੈਸਕਿਊ ਆਪਰੇਸ਼ਨ ਦਰਮਿਆਨ ਹੀ ਐਤਵਾਰ ਨੂੰ ਤਾਮਿਲਨਾਡੂ ਦੇ ਡਿਪਟੀ ਮੁੱਖ ਮੰਤਰੀ ਓ. ਪਨੀਰਸੇਲਵਮ ਨੇ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚ ਕੇ ਬੱਚੇ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਵੀ ਕੀਤੀ ਸੀ।

ਰਾਹੁਲ ਗਾਂਧੀ ਨੇ ਵੀ ਕੀਤੀ ਸਲਾਮਤੀ ਦੀ ਦੁਆ
ਤਾਮਿਲਨਾਡੂ ‘ਚ ਸੁਜੀਤ ਨਾਂ ਦੇ ਇਸ ਬੱਚੇ ਦੇ ਬੋਰਵੈੱਲ ‘ਚ ਡਿੱਗਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਉਸ ਦੀ ਸਲਾਮਤੀ ਦੀ ਦੁਆ ਕੀਤੀ ਹੈ। ਦੂਜੇ ਪਾਸੇ ਪ੍ਰਦੇਸ਼ ਸਰਕਾਰ ਲਗਾਤਾਰ ਸਥਿਤੀਆਂ ‘ਤੇ ਨਜ਼ਰ ਬਣਾਏ ਹੋਏ ਹੈ। ਸੁਜੀਤ ਨੂੰ ਰੈਸਕਿਊ ਕਰਨ ਲਈ ਮੌਕੇ ‘ਤੇ ਰਾਜ ਸਰਕਾਰ ਦੇ ਕਈ ਵੱਡੇ ਅਧਿਕਾਰੀ ਮੌਜੂਦ ਹਨ। ਇਸ ਤੋਂ ਇਲਾਵਾ ਤਾਮਿਲਨਾਡੂ ਸਰਕਾਰ ਦੇ ਮੰਤਰੀਆਂ ਨੂੰ ਵੀ ਮੌਕੇ ‘ਤੇ ਭੇਜਿਆ ਗਿਆ ਹੈ।

ਬੱਚੇ ਦੀ ਮੂਵਮੈਂਟ ‘ਤੇ ਲਗਾਤਾਰ ਰੱਖੀ ਜਾ ਰਹੀ ਨਜ਼ਰ
ਰੈਸਕਿਊ ਆਪਰੇਸ਼ਨ ਕਰ ਰਹੇ ਅਧਿਕਾਰੀਆਂ ਅਨੁਸਾਰ ਮੌਕੇ ‘ਤੇ ਐੱਨ.ਡੀ.ਆਰ.ਐੱਫ. ਦੇ 25 ਜਵਾਨਾਂ ਨਾਲ ਸਥਾਨਕ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਬੋਰਵੈੱਲ ‘ਚ ਬੱਚੇ ਦੀ ਮੂਵਮੈਂਟ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੱਚਾ ਸ਼ੁੱਕਰਵਾਰ ਯਾਨੀ 25 ਅਕਤੂਬਰ ਨੂੰ ਸ਼ਾਮ 5.30 ਵਜੇ ਖੇਡਦੇ ਸਮੇਂ ਬੋਰਵੈੱਲ ‘ਚ ਡਿੱਗ ਗਿਆ ਸੀ।