ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿਚ ਕੀਤਾ ਗਿਆ ਭਾਰਤ ਦਾ ਰਾਜਦੂਤ ਨਿਯੁਕਤ !

0
78
Share this post

 

28 ਜਨਵਰੀ  (5ਆਬ ਨਾਉ ਬਿਊਰੋ) 

ਭਾਰਤ ਦੇ ਸੀਨੀਅਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਸੰਧੂ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ ਅਤੇ ਇਸ ਸਮੇਂ ਸ਼੍ਰੀਲੰਕਾ ਵਿੱਚ ਹਾਈ ਕਮਿਸ਼ਨਰ ਵਜੋਂ ਤਾਇਨਾਤ ਹਨ। ਉਨ੍ਹਾਂ ਨੂੰ ਹਰਸ਼ਵਰਧਨ ਸ਼੍ਰਿੰਗਲਾ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ। ਹਰਸ਼ਵਰਧਨ ਹੁਣ ਭਾਰਤ ਦੇ ਅਗਲੇ ਵਿਦੇਸ਼ ਸਕੱਤਰ ਹੋਣਗੇ।

ਤਰਨਜੀਤ ਸਿੰਘ ਸੰਧੂ ਨੂੰ 1988 ਵਿਚ ਵਿਦੇਸ਼ੀ ਸੇਵਾ ਵਿਚ ਚੁਣਿਆ ਗਿਆ ਸੀ। ਉਨ੍ਹਾਂ ਨੇ ਯੂਕ੍ਰੇਨ ਵਿਚ ਭਾਰਤੀ ਦੂਤਘਰ ਦੀ ਸ਼ੁਰੂਆਤ ਕੀਤੀ। ਉਹ ਸਾਲ 2011 ਤੋਂ 2013 ਤੱਕ ਜਰਮਨੀ ਵਿੱਚ ਕੌਂਸਲੇਟ ਜਨਰਲ ਵੀ ਰਹੇ ਹਨ।

ਅਮਰੀਕਾ ਵਿਚ ਲੰਬੇ ਸਮੇਂ ਤੱਕ ਕੰਮ ਕਰਨ ਦਾ ਤਜਰਬਾ

ਅਜਿਹਾ ਨਹੀਂ ਕਿ ਤਰਨਜੀਤ ਸਿੰਘ ਸੰਧੂ ਅਮਰੀਕਾ ਵਿਚ ਪਹਿਲੀ ਵਾਰ ਭਾਰਤ ਲਈ ਕੰਮ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਸਾਲ 2013 ਤੋਂ 2017 ਤੱਕ ਵਾਸ਼ਿੰਗਟਨ ਡੀਸੀ ਵਿੱਚ ਡਿਪਟੀ ਚੀਫ਼ ਆਫ਼ ਮਿਸ਼ਨ ਵਜੋਂ ਸੇਵਾ ਨਿਭਾਈ। ਇਸਤੋਂ ਪਹਿਲਾਂ ਵੀ, ਸਾਲ 1997 ਤੋਂ 2000 ਤੱਕ, ਉਹ ਸੰਯੁਕਤ ਰਾਜ ਵਿੱਚ ਭਾਰਤੀ ਦੂਤਾਵਾਸ ਵਿੱਚ ਸੈਕਟਰੀ ਦੇ ਤੌਰ ਤੇ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਾਲ 2005 ਤੋਂ 2009 ਤੱਕ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਲਈ ਕੰਮ ਕਰ ਚੁੱਕੇ ਹਨ।

ਸੰਧੂ ਦੇ ਅਮਰੀਕਾ ਵਿਚ ਲੰਮੇ ਸਮੇਂ ਤੋਂ ਕੰਮ ਕਰਨ ਕਰਕੇ ਹੀ ਸਰਕਾਰ ਨੇ ਉਨ੍ਹਾਂ ਨੂੰ ਇਸ ਅਹੁਦੇ ਲਈ ਚੁਣਿਆ ਹੈ। ਉਨ੍ਹਾਂ ਦੇ ਯੂਐਸ ਦੀ ਸੰਸਦ ਵਿਚ ਕਈ ਸੰਸਦ ਮੈਂਬਰਾਂ ਨਾਲ ਵਧੀਆ ਸੰਬੰਧ ਹਨ। ਜਦੋਂ 1998 ਵਿਚ ਪ੍ਰਮਾਣੂ ਪਰੀਖਣ ਤੋਂ ਬਾਅਦ ਅਮਰੀਕਾ ਨੇ ਭਾਰਤ ‘ਤੇ ਆਰਥਿਕ ਪਾਬੰਦੀਆਂ ਲਗਾਈਆਂ ਤਾਂ ਸੰਧੂ ਨੇ ਇਨ੍ਹਾਂ ਪਾਬੰਦੀਆਂ ਨੂੰ ਦੂਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ- ਸੰਧੂ ਉਸ ਟੀਮ ਦਾ ਹਿੱਸਾ ਸਨ ਜੋ ਅਮਰੀਕਾ ਨੂੰ ਭਾਰਤ ਉੱਤੇ ਪਾਬੰਦੀ ਹਟਾਉਣ ਲਈ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਤਰਨਜੀਤ ਸਿੰਘ ਦੀ ਪਤਨੀ ਵੀ ਭਾਰਤੀ ਵਿਦੇਸ਼ ਸੇਵਾ ਵਿੱਚ ਹੈ। ਉਹ ਇਸ ਸਮੇਂ ਇਟਲੀ ਵਿਚ ਭਾਰਤ ਦੀ ਰਾਜਦੂਤ ਹੈ।