ਗੁਪਤਾ ਪਰਿਵਾਰ ‘ਚ ਹੋਏ ਵਿਆਹਾਂ ਤੋਂ ਵਾਤਾਵਰਣ ਨੂੰ ਪਹੁੰਚੇ ਨੁਕਸਾਨ ਬਾਰੇ ਹਾਈ ਕੋਰਟ ਨੇ ਮੰਗੀ ਰਿਪੋਰਟ

0
195
Share this post

 

ਦੇਹਰਾਦੂਨ 18 ਜੁਲਾਈ- ( 5ਆਬ ਨਾਉ ਬਿਊਰੋ )

ਉੱਤਰਾਖੰਡ ਹਾਈ ਕੋਰਟ ਨੇ ਦੁਨੀਆ ਦੇ ਮਸ਼ਹੂਰ ਸਕੀ ਰਿਜ਼ਾਰਟ ਔਲੀ ‘ਚ ਐੱਨ. ਆਰ. ਆਈ. ਕਾਰੋਬਾਰੀ ਗੁਪਤਾ ਪਰਿਵਾਰ ਵਲੋਂ ਹਾਲ ਹੀ ‘ਚ ਹੋਏ ਵਿਆਹਾਂ ਤੋਂ ਵਾਤਾਵਰਣ ਨੂੰ ਪਹੁੰਚੇ ਨੁਕਸਾਨ ਬਾਰੇ ਸੂਬਾ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਰਿਪੋਰਟ ਮੰਗੀ ਹੈ। ਇੱਥੇ ਦੱਸ ਦੇਈਏ ਕਿ ਪਿਛਲੇ ਮਹੀਨੇ ਔਲੀ ਵਿਚ ਗੁਪਤਾ ਪਰਿਵਾਰ ‘ਚ ਦੋ ਵਿਆਹ ਹੋਏ ਸਨ, ਜਿਸ ਕਾਰਨ ਉੱਥੇ ਗੰਦਗੀ ਅਤੇ ਕੂੜੇ ਦੇ ਢੇਰ ਲੱਗ ਗਏ ਸਨ। ਇਸ ਕਾਰਨ ਧੌਲੀਗੰਗਾ ਸਮੇਤ ਕਈ ਪਾਣੀ ਦੇ ਸਰੋਤ ਦੂਸ਼ਿਤ ਹੋ ਗਏ। ਗੁਪਤਾ ਭਰਾਵਾਂ ਦੇ ਦੋ ਪੁੱਤਰਾਂ ਦੀ 4-5 ਦਿਨ ਤਕ ਚਲੀ ਸ਼ਾਹੀ ਵਿਆਹ ‘ਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਯੋਗ ਗੁਰੂ ਰਾਮਦੇਵ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਪ੍ਰਧਾਨ ਅਜੇ ਭੱਟ ਸਮੇਤ ਵੱਡੀ ਗਿਣਤੀ ‘ਚ ਮਹਿਮਾਨ ਪੁੱਜੇ ਸਨ।

ਦੱਖਣੀ ਅਫਰੀਕਾ ਵਿਚ ਕਾਰੋਬਾਰ ਕਰਨ ਵਾਲੇ ਐੱਨ. ਆਰ. ਆਈ. ਕਾਰੋਬਾਰੀ ਅਜੇ ਗੁਪਤਾ ਦੇ ਪੁੱਤਰ ਸੂਰਈਆਕਾਂਤ ਦਾ ਵਿਆਹ 19-20 ਜੂਨ ਅਤੇ ਅਤੁਲ ਗੁਪਤਾ ਦੇ ਪੁੱਤਰ ਸ਼ਸ਼ਾਂਕ ਦਾ ਵਿਆਹ 21-22 ਜੂਨ ਨੂੰ ਔਲੀ ਵਿਚ ਸੰਪੰਨ ਹੋਇਆ ਸੀ। ਇਸ ਸੰਬੰਧ ‘ਚ ਦਾਇਰ ਇਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਜੱਜ ਰਮੇਸ਼ ਰੰਗਨਾਥਨ ਅਤੇ ਜੱਜ ਆਲੋਕ ਕੁਮਾਰ ਵਰਮਾ ਦੀ ਬੈਂਚ ਨੇ ਸੂਬਾ ਸਰਕਾਰ ਅਤੇ ਉੱਤਰਾਖੰਡ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਚਮੋਲੀ ਦੇ ਜ਼ਿਲਾ ਅਧਿਕਾਰੀ ਨੂੰ 10 ਦਿਨ ਦੇ ਅੰਦਰ ਇਹ ਸਪੱਸ਼ਟ ਕਰਨ ਨੂੰ ਕਿਹਾ ਹੈ ਕਿ ਮੇਜ਼ਬਾਨਾਂ ਨੇ ਪ੍ਰਦੂਸ਼ਣ ਕੰਟਰੋਲ ਨਿਯਮਾਂ ਦਾ ਪਾਲਣ ਕੀਤਾ ਜਾਂ ਨਹੀਂ ਅਤੇ ਸਕੀ ਰਿਜ਼ਾਰਟ ‘ਚ ਛੱਡੇ ਗਏ ਕਈ ਟਨ ਕੂੜੇ ਨੂੰ ਕਿਵੇਂ ਹਟਾਇਆ ਗਿਆ।

 

ਹਾਈ ਕੋਰਟ ਇਹ ਜਾਣਨਾ ਚਾਹੁੰਦਾ ਹੈ ਕਿ ਅਧਿਕਾਰੀਆਂ ਨੇ ਕੁਦਰਤੀ ਤਰੀਕੇ ਸੜਨਸ਼ੀਲ ਅਤੇ ਨਾ ਸੜਨ ਵਾਲੇ ਕੂੜੇ ਦਾ ਨਿਪਟਾਰਾ ਵੱਖ-ਵੱਖ ਕੀਤਾ ਅਤੇ ਧੌਲੀ ਗੰਗਾ ਅਤੇ ਹੋਰ ਪਾਣੀ ਦੇ ਸਰੋਤਾਂ ‘ਤੇ ਇਸ ਦਾ ਕੀ ਉਲਟ ਪ੍ਰਭਾਵ ਪਿਆ।

 

ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੋਰਟ ਦੇ ਸਾਹਮਣੇ ਪੇਸ਼ ਆਪਣੇ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਗੁਪਤਾ ਪਰਿਵਾਰ ਦੇ ਵਿਆਹਾਂ ਤੋਂ ਬਾਅਦ ਔਲੀ ‘ਚ 320 ਟਨ ਕੂੜੇ ਦਾ ਨਿਪਟਾਰਾ ਕਰਨਾ ਪਿਆ। ਰਿਪੋਰਟ ਮੁਤਾਬਕ 4 ਦਿਨ ਤਕ ਚਲੇ ਵਿਆਹ ਸਮਾਰੋਹ ਦੌਰਾਨ ਰਿਜ਼ਾਰਟ ‘ਚ 200 ਮਜ਼ਦੂਰ ਰਹੇ ਅਤੇ ਉਨ੍ਹਾਂ ਲਈ ਟਾਇਲਟ ਦੀ ਸਹੂਲਤ ਦੀ ਘਾਟ ਕਾਰਨ ਧੌਲੀਗੰਗਾ ਦੂਸ਼ਿਤ ਹੋਈ। ਕੋਰਟ ਨੇ ਕਿਹਾ ਕਿ ਸਪੱਸ਼ਟ ਰੂਪ ਨਾਲ ਇਹ ਦੱਸਿਆ ਜਾਵੇ ਕਿ ਆਯੋਜਕਾਂ ਤੋਂ ਵਾਤਾਵਰਣ ਨੂੰ ਹੋਏ ਨੁਕਸਾਨ ਦੇ ਮੁਆਵਜੇ ਦੇ ਰੂਪ ਵਿਚ ਕਿੰਨੀ ਰਾਸ਼ੀ ਮੰਗੀ ਜਾਣੀ ਚਾਹੀਦੀ ਹੈ।