ਗਲਾਸਗੋ ਦੇ ਪੰਜਾਬੀ ਅਕਾਦਮੀ ਵੱਲੋਂ ਪੰਜਾਬੀ ‘ਚ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀ ਕੀਤੇ ਗਏ ਸਨਮਾਨਤ

0
20
Share this post

 

ਗਲਾਸਗੋ/ਲੰਡਨ — 02 ਦਸੰਬਰ (5ਆਬ ਨਾਉ ਬਿਊਰੋ)

ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਦੀਆਂ ਤਿੜ੍ਹਾਂ ਬੀਜਣ ਦੇ ਮਕਸਦ ਨਾਲ ਚੱਲਦੇ ਪੰਜਾਬੀ ਸਕੂਲਾਂ ਵਿੱਚ ਅਨੇਕਾਂ ਪੰਜਾਬੀ ਪੜ੍ਹਦਿਆਂ ਮੱਲ੍ਹਾਂ ਮਾਰ ਰਹੇ ਹਨ। ਗਲਾਸਗੋ ਦੇ ਸ੍ਰੀ ਗੁਰੁ ਗ੍ਰੰਥ ਸਾਹਿਬ ਗੁਰਦੁਆਰਾ ਅਧੀਨ ਚੱਲਦੀ ਪੰਜਾਬੀ ਅਕਾਦਮੀ ਵੱਲੋਂ ਪੰਜਾਬੀ ਇਮਤਿਹਾਨਾਂ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਹਿੱਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬੱਚੀ ਮਨਰੂਪ ਕੌਰ ਦੇ ਧਾਰਮਿਕ ਸ਼ਬਦ ਨਾਲ ਹੋਈ। ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਲਭਾਇਆ ਸਿੰਘ ਮਹਿਮੀ, ਸਕੱਤਰ ਦਲਜੀਤ ਸਿੰਘ ਦਿਲਬਰ, ਸਕੂਲ ਪ੍ਰਮੁੱਖ ਦਿਲਜੀਤ ਕੌਰ ਦਿਲਬਰ, ਪ੍ਰਭਜੋਤ ਕੌਰ ਵਿਰਹਾ ਨੇ ਜੀ. ਸੀ. ਐੱਸ. ਈ. ਅਤੇ ਲੈਵਲ 1 ਪਾਸ ਕਰਨ ਵਾਲੇ 12 ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਅਤੇ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ।

ਸ੍ਰੀਮਤੀ ਦਿਲਬਰ ਅਤੇ ਪ੍ਰਭਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ 300 ਦੇ ਲਗਭਗ ਬੱਚੇ ਵੱਖ-ਵੱਖ ਪੰਜਾਬੀ ਜਮਾਤਾਂ ਵਿੱਚ ਪੜ੍ਹ ਰਹੇ ਹਨ। ਭਾਈਚਾਰੇ ਦੇ ਪੂਰਨ ਸਹਿਯੋਗ ਨਾਲ ਚੱਲਦੇ ਇਸ ਸਕੂਲ ਵਿੱਚੋਂ ਹਰ ਸਾਲ ਬੱਚੇ ਆਪਣੀਆਂ ਪ੍ਰੀਖਿਆਵਾਂ ਪਾਸ ਕਰਕੇ ਸਮਾਜ ਵਿੱਚ ਵਿਚਰਣ ਲਾਇਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਤੌਰ ਅਧਿਆਪਕ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਉਨ੍ਹਾਂ ਕੋਲੋਂ ਪਾਸ ਹੋ ਕੇ ਗਏ ਬੱਚੇ ਪੰਜਾਬੀ ਦੀ ਵਾਧੂ ਯੋਗਤਾ ਦੇ ਸਿਰ ‘ਤੇ ਨੌਕਰੀ ਹਾਸਲ ਕਰਨ ਵਿੱਚ ਕਾਮਯਾਬ ਹੁੰਦੇ ਹਨ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਵੀ ਮਿਹਨਤ ਨਾਲ ਪਾਸ ਹੋਣ ਤਾਂ ਕਿ ਵੱਖ-ਵੱਖ ਖੇਤਰਾਂ ਵਿੱਚ ਪੰਜਾਬੀ ਗਾਹਕਾਂ ਨਾਲ ਰਾਬਤਾ ਕਰਨ ਲਈ ਪੈਦਾ ਹੁੰਦੀਆਂ ਨੌਕਰੀਆਂ ਉਨ੍ਹਾਂ ਦੇ ਹੱਥ ਆ ਸਕਣ। ਇਸ ਸਮੇਂ ਦਿਲਜੀਤ ਕੌਰ ਦਿਲਬਰ ਨੇ ਸਕੂਲ ਦੀਆਂ ਅਧਿਆਪਕਾਵਾਂ ਮਨਜੀਤ ਕੌਰ, ਰਣਜੀਤ ਕੌਰ ਸਮਰਾ, ਰੁਪਨੀਤ ਕੌਰ, ਨਵਦੀਪ ਕੌਰ, ਸੁਰਿੰਦਰ ਕੌਰ, ਗੁਰਦੀਪ ਕੌਰ, ਜਸਬੀਰ ਕੌਰ, ਮਨਜੀਤ ਚਾਹਲ, ਮਨਜੀਤ ਪੁਰੀ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਹਾਰਦਿਕ ਵਧਾਈ ਪੇਸ਼ ਕੀਤੀ।

LEAVE A REPLY

Please enter your comment!
Please enter your name here