ਕੌਮਾਂਤਰੀ ਨਗਰ ਕੀਰਤਨ ਦੌਰਾਨ ਚੜ੍ਹਾਵੇ ਦੇ ਪੈਸਿਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਸਕੂਲ ਖੋਲ੍ਹਣ ਦੀ ਸਿਫਾਰਸ਼

ਨਗਰ ਕੀਰਤਨ ਸ਼ਤਾਬਦੀ ਸਬੰਧੀ ਸੰਗਤ ’ਚ ਉਤਸ਼ਾਹ ਪੈਦਾ ਕਰਨ ਵਿਚ ਸਫਲ ਹੋਇਆ-ਜਥੇਦਾਰ ਤੋਤਾ ਸਿੰਘ

0
95
ਅੰਤਰਰਾਸ਼ਟਰੀ ਨਗਰ ਕੀਰਤਨ ਸਬੰਧੀ ਸਬ-ਕਮੇਟੀ ਦੀ ਇਕੱਤਰਤਾ ‘’ਚ ਸ਼ਾਮਲ ਜਥੇਦਾਰ ਤੋਤਾ ਸਿੰਘ, ਭਾਈ ਰਾਮ ਸਿੰਘ, ਸ. ਪੰਜੋਲੀ ਅਤੇ ਹੋਰ
Share this post
ਅੰਮ੍ਰਿਤਸਰ 15 ਨਵੰਬਰ (5ਆਬ ਨਾਉ ਬਿਊਰੋ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸਜਾਏ ਗਏ ਕੌਮਾਂਤਰੀ ਨਗਰ ਕੀਰਤਨ ਸਬੰਧੀ ਸਬ-ਕਮੇਟੀ ਦੀ ਅੱਜ ਹੋਈ ਇਕੱਤਰਤਾ ਵਿਚ ਨਗਰ ਕੀਰਤਨ ਦੌਰਾਨ ਸੰਗਤ ਵੱਲੋਂ ਚੜ੍ਹਾਏ ਗਏ ਪੈਸਿਆਂ ਨਾਲ ਪਹਿਲੇ ਪਾਤਸ਼ਾਹ ਜੀ ਦੇ ਨਾਂ ’ਤੇ ਵਧੀਆ ਸਕੂਲ ਖੋਲ੍ਹਣ ਦੀ ਸਿਫਾਰਸ਼ ਕੀਤੀ ਗਈ ਹੈ। ਨਗਰ ਕੀਰਤਨ ਦੇ ਪ੍ਰਬੰਧਕ ਅਤੇ ਸਬ-ਕਮੇਟੀ ਦੇ ਚੇਅਰਮੈਨ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਹੋਈ ਇਕੱਤਰਤਾ ’ਚ ਆਮਦਨ ਅਤੇ ਖ਼ਰਚਿਆਂ ਸਬੰਧੀ ਰਿਪੋਰਟ ’ਤੇ ਵਿਚਾਰ ਵਟਾਂਦਰੇ ਮਗਰੋਂ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਇਹ ਸਿਫਾਰਸ਼ ਕੀਤੀ ਗਈ। ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਸ. ਦਰਬਾਰਾ ਸਿੰਘ ਗੁਰੂ, ਸ. ਬਲਦੇਵ ਸਿੰਘ ਮਾਨ, ਸ. ਦਲਜੀਤ ਸਿੰਘ ਭਿੰਡਰ, ਸ. ਅਜਮੇਰ ਸਿੰਘ ਖੇੜਾ, ਸ. ਸਵਿੰਦਰ ਸਿੰਘ ਸਭਰਵਾਲ, ਸਕੱਤਰ ਸ. ਮਨਜੀਤ ਸਿੰਘ ਤੇ ਮੀਤ ਸਕੱਤਰ ਸ. ਸਕੱਤਰ ਸਿੰਘ ਆਦਿ ਮੌਜੂਦ ਸਨ। ਇਸ ਦੌਰਾਨ ਆਮ ਰਾਏ ਬਣੀ ਕਿ ਸੰਗਤ ਦੇ ਪੈਸੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਪੁਰਬ ਨੂੰ ਸਮਰਪਿਤ ਯਾਦਗਾਰ ਵਜੋਂ ਗੁਰੂ ਸਾਹਿਬ ਦੇ ਨਾਂ ’ਤੇ ਵੱਖ-ਵੱਖ ਜ਼ਿਲ੍ਹਿਆਂ ’ਚ ਸੰਗਤ ਦੇ ਸਹਿਯੋਗ ਨਾਲ ਸਕੂਲ ਖੋਲ੍ਹੇ ਜਾਣ।
ਇਕੱਤਰਤਾ ਮਗਰੋਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਨਗਰ ਕੀਰਤਨ ਦਾ ਪਾਕਿਸਤਾਨ ਅਤੇ ਭਾਰਤ ਦੇ 17 ਰਾਜਾਂ ਅੰਦਰ ਸੰਗਤ ਵੱਲੋਂ ਕੀਤੇ ਗਏ ਭਰਵੇਂ ਸਵਾਗਤ ਲਈ ਸ਼੍ਰੋਮਣੀ ਕਮੇਟੀ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸੰਦੇਸ਼ ਨੂੰ ਪ੍ਰਚਾਰਨ ਦੇ ਨਾਲ-ਨਾਲ ਸ਼ਤਾਬਦੀ ਸਮਾਗਮਾਂ ਸਬੰਧੀ ਪੂਰੇ ਦੇਸ਼ ਅੰਦਰ ਚੇਤਨਾ ਅਤੇ ਉਤਸ਼ਾਹ ਪੈਦਾ ਕਰਨ ਵਿਚ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਈ ਕੇਂਦਰੀ ਮੰਤਰੀ, ਮੈਂਬਰ ਪਾਰਲੀਮੈਂਟ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸਵਾਗਤ ਲਈ ਪੁੱਜਦੀਆਂ ਰਹੀਆਂ। ਇਸ ਵਿਚ ਵੱਖ-ਵੱਖ ਸੂਬਿਆਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਵੱਲੋਂ ਦਿੱਤੇ ਗਏ ਸਹਿਯੋਗ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਸੰਪੂਰਨ ਹੋਇਆ ਹੈ, ਜਿਸ ਲਈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟਿ ਸ਼ੁਕਰਾਨਾ ਕਰਦੇ ਹਨ। ਜਥੇਦਾਰ ਤੋਤਾ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ, ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਵੱਖ-ਵੱਖ ਰਾਜਸੀ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਤਨਦੇਹੀ ਨਾਲ ਕੀਤੀ ਗਈ ਸੇਵਾ ਦੀ ਵੀ ਸ਼ਲਾਘਾ ਕੀਤੀ।
ਇਸੇ ਦੌਰਾਨ ਨਗਰ ਕੀਰਤਨ ਦੇ ਕੋਆਰਡੀਨੇਟਰ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਨਗਰ ਕੀਰਤਨ ਦੌਰਾਨ ਸੰਗਤ ਵੱਲੋਂ ਚੜ੍ਹਾਏ ਗਏ ਪੈਸਿਆਂ ਦੇ ਵੇਰਵੇ ਵੀ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਭਾਰਤ ਦੇ 17 ਸੂਬਿਆਂ ਅੰਦਰ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਸਮੇਂ 10 ਕਰੋੜ 13 ਲੱਖ 68 ਹਜ਼ਾਰ 601 ਰੁਪਏ ਚੜ੍ਹਾਏ ਗਏ, ਜਦਕਿ ਸਾਰੇ ਨਗਰ ਕੀਰਤਨ ਦੌਰਾਨ 1 ਕਰੋੜ 73 ਲੱਖ 4 ਹਜ਼ਾਰ, 444 ਰੁਪਏ ਦਾ ਖ਼ਰਚਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੰਗਤ ਵੱਲੋਂ ਗੱਡੀਆਂ ਦੀ ਰਿਪੇਅਰ, ਤੇਲ ਅਤੇ ਸੰਗਤ ਦੀ ਰਿਹਾਇਸ਼ ਆਦਿ ਦੀ ਵੀ ਲਾ-ਮਿਸਾਲ ਸੇਵਾ ਕੀਤੀ ਗਈ ਹੈ, ਜਿਸ ਨੂੰ ਭੁਲਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਸੰਗਤ ਨੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਦਿਆਂ ਸੋਨਾ, ਚਾਂਦੀ ਅਤੇ ਵਿਦੇਸ਼ੀ ਕਰੰਸੀ ਆਦਿ ਚੜਾਅ ਕੇ ਵੀ ਸ਼ਰਧਾ ਪ੍ਰਗਟਾਈ ਹੈ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੂਹ ਸੰਗਤਾਂ ਦਾ ਧੰਨਵਾਦ ਕਰਦੀ ਹੈ।