ਕੈਪਟਨ ਸਰਕਾਰ ਵਿੱਚ ਨਵਾਂ ਵਿਵਾਦ, ਮੰਤਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਉਲਝੇ

0
179
Share this post

 

ਚੰਡੀਗੜ੍ਹ  20 ਜੂਨ :( 5ਆਬ ਨਾਉ ਬਿਊਰੋ )

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਨਾਰਾਜ਼ ਮੰਤਰੀਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਤੇ ਹੁਣ ਉਨ੍ਹਾਂ ਦੀ ਸਰਕਾਰ ਵਿੱਚ ਨਵਾਂ ਵਿਵਾਦ ਸਾਹਮਣੇ ਆਇਆ ਹੈ। ਦਰਅਸਲ ਸਾਬਕਾ ਸਿੱਖਿਆ ਮੰਤਰੀ ਓਪੀ ਸੋਨੀ ਤੇ ਨਵੇਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਉਲਝ ਗਏ ਹਨ। ਸੋਨੀ ਨੇ ਕਰੀਬ 300 ਅਧਿਆਪਕਾਂ ਦੀਆਂ ਬਦਲੀਆਂ ਦੀ ਸਿਫਾਰਸ਼ ਕੀਤੀ ਸੀ ਤੇ ਇਨ੍ਹਾਂ ਦੀ ਲਿਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।

ਹੁਣ ਨਵੇਂ ਸਿੱਖਿਆ ਮੰਤਰੀ ਸਿੰਗਲਾ ਨੇ ਇਨ੍ਹਾਂ ਬਦਲੀਆਂ ਦੀਆਂ ਸਿਫਾਰਸ਼ਾਂ ਨੂੰ ਸਰਕਾਰ ਦੀਆਂ ਨੀਤੀਆਂ ਦੇ ਉਲਟ ਦੱਸਦਿਆਂ ਇਨ੍ਹਾਂ ਦਾ ਵਿਰੋਧ ਕੀਤਾ ਹੈ ਤੇ ਇਨ੍ਹਾਂ ਨੂੰ ਰੋਕ ਲਿਆ ਹੈ। ਉਨ੍ਹਾਂ ਪੂਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਹੈ। ਸੋਨੀ ਨੇ 6 ਜੂਨ ਨੂੰ ਤਬਾਦਲਿਆਂ ਦੀ ਲਿਸਟ ਭੇਜੀ ਸੀ। ਵਿਭਾਗ ਨੇ ਨਵੇਂ ਸਿੱਖਿਆ ਮੰਤਰੀ ਤੋਂ ਮਨਜ਼ੂਰੀ ਲੈਣ ਲਈ ਫਾਈਲ ਉਨ੍ਹਾਂ ਦੇ ਦਫ਼ਤਰ ਭੇਜ ਦਿੱਤੀ ਸੀ। ਹਾਲੇ ਤਕ ਇਨ੍ਹਾਂ ਹੁਕਮਾਂ ‘ਤੇ ਕੋਈ ਫੈਸਲਾ ਨਹੀਂ ਹੋ ਸਕਿਆ।

ਉੱਧਰ ਪੁਰਾਣੇ ਮੰਤਰੀ ਓਪੀ ਸੋਨੀ ਦਾ ਕਹਿਣਾ ਹੈ ਕਿ ਉਨ੍ਹਾਂ 4 ਜੂਨ ਨੂੰ ਲਿਸਟ ਭੇਜੀ ਸੀ ਜਦਕਿ ਡਾਇਰੀ ਨੰਬਰ 6 ਜੂਨ ਨੂੰ ਲਾਇਆ ਗਿਆ ਸੀ। 6 ਜੂਨ ਨੂੰ ਹੀ ਉਨ੍ਹਾਂ ਆਨਲਾਈਨ ਟ੍ਰਾਂਸਫਰ ਪਾਲਿਸੀ ਦੇ ਨੋਟੀਫਿਕੇਸ਼ਨ ਲਈ ਫਾਈਲ ਪਾਸ ਕੀਤੀ ਸੀ। ਇਸ ਲਈ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਦੇ ਹੁਕਮ ਦਿੱਤੇ ਗਏ ਸੀ, ਉਨ੍ਹਾਂ ‘ਤੇ ਸਵਾਲ ਨਹੀਂ ਕੀਤਾ ਜਾ ਸਕਦਾ। ਹੁਣ ਸਿੰਗਲਾ ਵੇਖਣ ਕਿ ਇਨ੍ਹਾਂ ਨੂੰ ਲਾਗੂ ਕਰਨਾ ਹੈ ਜਾਂ ਨਹੀਂ।

ਸੋਨੀ ਆਪਣੀ ਗੱਲ ‘ਤੇ ਕਾਇਮ ਹਨ ਕਿ ਸਿੱਖਿਆ ਵਿਭਾਗ ‘ਤੇ ਅਫ਼ਸਰਸ਼ਾਹੀ ਹਾਵੀ ਹੈ। ਸਿੰਗਲਾ ਹਾਲੇ ਨਵੇਂ ਮੰਤਰੀ ਬਣੇ ਹਨ। ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਕਿ ਵਿਭਾਗ ਵਿੱਚ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਪਾਲਿਸੀ ਲਾਗੂ ਹੋਣ ਤੋਂ ਦੋ ਦਿਨ ਪਹਿਲਾਂ ਬਦਲੀਆਂ ਦੇ ਜੋ ਹੁਕਮ ਦਿੱਤੇ ਗਏ ਸੀ, ਉਨ੍ਹਾਂ ਨੂੰ ਸਿੱਖਿਆ ਅਧਿਕਾਰੀਆਂ ਨੇ ਰੋਕ ਕੇ ਸਿੰਗਲਾ ਕੋਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜੇ ਇਸ ਵਿੱਚ ਕੁਝ ਗ਼ਲਤ ਹੈ ਤਾਂ ਬੇਸ਼ੱਕ ਸਿੰਗਲਾ ਤਬਾਦਲੇ ਨਾ ਕਰਨ। ਸਿੰਗਲਾ ਨੇ ਓਪੀ ਸੋਨੀ ਵੱਲੋਂ 6 ਜੂਨ ਨੂੰ ਭੇਜੀ ਲਿਸਟ ਨੂੰ ਗ਼ਲਤ ਕਰਾਰ ਦਿੱਤਾ ਹੈ।