ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਅਸਤੀਫਾ ਵਾਪਸ ਲੈਣ ਦੀ ਮੰਗ , ਪਾਰਟੀ ਦਫ਼ਤਰ ਦੇ ਬਾਹਰ ਧਰਨਾ

0
219
Share this post

 

ਨਵੀਂ ਦਿੱਲੀ 29 ਮਈ (5ਆਬ ਨਾਉ ਬਿਊਰੋ)

ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਲਈ ਪਾਰਟੀ ਦੇ ਵੱਡੇ ਲੀਡਰਾਂ ਤੋਂ ਲੈ ਕੇ ਵਰਕਰ ਤਕ ਉਨ੍ਹਾਂ ਨੂੰ ਮਨਾ ਰਹੇ ਹਨ। ਜਿੱਥੇ ਇੱਕ ਪਾਸੇ ਪਾਰਟੀ ਦੇ ਵੱਡੇ ਲੀਡਰ ਉਨ੍ਹਾਂ ਨੂੰ ਗੱਲਬਾਤ ਕਰਕੇ ਮਨਾਉਣਾ ਚਾਹੁੰਦੇ ਹਨ ਤਾਂ ਦੂਜੇ ਪਾਸੇ ਪਾਰਟੀ ਵਰਕਰ ਆਪਣੇ-ਆਪਣੇ ਤਰੀਕੇ ਨਾਲ ਰਾਹੁਲ ਗਾਂਧੀ ਨੂੰ ਮਨਾਉਣਾ ਚਾਹੁੰਦੇ ਹਨ। ਕੁਝ ਵਰਕਰ ਅੱਜ ਦਿੱਲੀ ਵਿੱਚ ਰਾਹੁਲ ਦੇ ਘਰ ਬਾਹਰ ਭੁੱਖ ਹੜਤਾਲ ‘ਤੇ ਬੈਠ ਗਏ। ਇਹ ਵਰਕਰ ਰਾਹੁਲ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਕਰਨਾਟਕ ਦੇ ਬੰਗਲੁਰੂ ਵਿੱਚ ਵੀ ਕਾਂਗਰਸ ਦੇ ਵਰਕਰ ਰਾਹੁਲ ਦਾ ਅਸਤੀਫਾ ਵਾਪਸ ਲੈਣ ਦੀ ਮੰਗ ਨਾਲ ਪਾਰਟੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਹ ਮੰਨ ਨਹੀਂ ਜਾਂਦੇ, ਉਦੋਂ ਤਕ ਉਹ ਧਰਨੇ ‘ਤੇ ਬੈਠੇ ਰਹਿਣਗੇ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਨਾਉਣ ਲਈ ਯੂਪੀ ਦੇ ਕੁਝ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਨੂੰ ਖ਼ੂਨ ਨਾਲ ਚਿੱਠੀ ਲਿਖ ਕੇ ਅਸਤੀਫਾ ਨਾ ਦੇਣ ਦੀ ਮੰਗ ਕੀਤੀ। ਵਰਕਰਾਂ ਨੇ ਕਿਹਾ ਕਿ ਰਾਹੁਲ ਅਸਤੀਫਾ ਨਾ ਦੇਣ। ਅਸੀਂ ਸਭ ਮਿਲ ਕੇ ਪਾਰਟੀ ਨੂੰ ਦੁਬਾਰਾ ਲੀਹ ‘ਤੇ ਲੈ ਕੇ ਆਵਾਂਗੇ ਤੇ ਸਭ ਮਿਲ-ਜੁਲ ਕੇ ਪਾਰਟੀ ਲਈ ਕੰਮ ਕਰਨਗੇ।

ਧਰਨੇ ‘ਤੇ ਬੈਠੇ ਵਰਕਰਾਂ ਨੇ ਕਿਹਾ, ਲੋਕ ਸਭਾ ਚੋਣਾਂ ਰਾਹੁਲ ਗਾਂਧੀ ਨਹੀਂ ਹਾਰੇ, ਚੋਣਾਂ ਤਾਂ ਈਵੀਐਮ ਹਾਰੀਆਂ ਹਨ। ਰਾਹੁਲ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਰਾਹੁਲ ਨੇ ਅਸਤੀਫਾ ਵਾਪਸ ਨਾ ਲਿਆ ਤਾਂ ਵਰਕਰ ਆਪਣੀ ਜਾਨ ਦੇ ਦੇਣਗੇ।

ਦੱਸ ਦੇਈਏ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਹਾਰ ਮਗਰੋਂ ਰਾਹੁਲ ਗਾਂਧੀ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੇ ਅਸਤੀਫੇ ਬਾਰੇ ਨਾ ਸਿਰਫ ਕਾਂਗਰਸ, ਬਲਕਿ ਹੋਰ ਸਹਿਯੋਗੀ ਪਾਰਟੀਆਂ ਦੇ ਲੀਡਰਾਂ ਨੇ ਵੀ ਸਹਿਮਤੀ ਜਤਾਈ ਕਿ ਰਾਹੁਲ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ।