ਜਥੇਦਾਰ ਜੀ ਮੋੜ ਤੋਂ ਬਚ ਕੇ———-

0
1555

ਕੁਝ ਖ਼ਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ 5 ਮਈ ਨੂੰ ਤਖਤਾਂ ਦੇ ਜਥੇਦਾਰ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੇ ਮਾਮਲੇ ਚ ਮੀਟਿੰਗ ਕਰਨ ਜਾ ਰਹੇ ਹਨ। ਜਦ ਜਦ ਵੀ ਸਿੱਖ ਕੌਮ ਦੇ ਮੂਹਰੇ ਕੋਈ ਮੁਸ਼ਕਿਲ ਆਈ ਜਥੇਦਾਰਾਂ ਨੇ ਆਪਣਾ ਕੌਮੀ ਫਰਜ਼ ਪਹਿਚਾਣ ਕੇ ਉਸ ਮਾਮਲੇ ਤੇ ਵਿਚਾਰ ਕੀੱਤੀ ਤੇ ਕੌਮ ਦਾ ਮਾਰਗਦਰਸ਼ਨ ਕੀਤਾ।
ਪਰ ਮਹਿਸੂਸ ਹੋ ਰਿਹਾ ਹੈ ਕਿ ਨਾਮਧਾਰੀ ਮਾਮਲਾ ਬਿਨਾ ਕਿਸੇ ਵਜ੍ਹਾ ਦੇ ਉਬਾਰਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਹੋਣ ਜਾ ਰਹੀ ਹੋਵੇ। ਇਹ ਵੀ ਮੰਨਿਆ ਜਾ ਸਕਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਭਾਈ ਗੁਰਮੁਖ ਸਿੰਘ ਦੇ ਅਕਾਲੀ ਲੀਡਰਸ਼ਿਪ ਤੇ ਲਾਏ ਦੋਸ਼ਾ ਬਾਰੇ ਧਿਆਨ ਹਟਾਉਣ ਲਈ ਇਹ ਮਾਮਲਾ ਉਬਾਰਿਆ ਜਾ ਰਿਹਾ ਹੋਵੇ।
ਨਾਮਧਾਰੀਆ ਦੇ ਖਿਲਾਫ ਵਿੱਢੇ ਇਸ ਝੂਠੇ ਜੇਹਾਦ ਦੀ ਅਗਵਾਈ ਕਰਨ ਵਾਲੇ ਵੀਰ ਪਹਿਲੇ ਵੀ ਦਮਗਜੇ ਮਾਰਦੇ ਰਹੇ ਤੇ ਪ੍ਰਾਪਤੀ ਨਾ ਦੇ ਬਰਾਬਰ ਰਹੀ। ਇਹ ਵੀਰ ਪਿਛਲੇ ਸਮੇਂ ਤੋਂ ਲਗਾਤਾਰ ਕਹਿ ਰਹੇ ਹਨ ਕਿ ਅਕਾਲ ਤਖਤ ਸਾਹਿਬ ਦਾ ਮੋਜੂਦਾ ਸਮੇ ਚ ਕੋਈ ਜਥੇਦਾਰ ਨਹੀਂ। ਜੇ ਇਸ ਸਮੇ ਜਥੇਦਾਰ ਹੀ ਨਹੀਂ ਫਿਰ ਕੀ ਉਹ ਵੀਰ ਇਨ੍ਹਾਂ ਜਥੇਦਾਰਾਂ ਦੀ ਕਿਸੇ ਕਾਰਵਾਈ ਨੂੰ ਪ੍ਰਵਾਨ ਕਰ ਲੈਣਗੇ।
ਨਾਮਧਾਰੀਆ ਨੇ ਅਜਿਹਾ ਕੀ ਕੀਤਾ ਜਿਸ ਕਰਕੇ ਇਕ ਕਾਲਪਨਿਕ ਪਹਾੜ ਖੜ੍ਹਾ ਕਰਕੇ ਪੰਥ ਮੂਹਰੇ ਇਕ ਡਰ ਤੇ ਸਹਿਮ ਵਾਲਾ ਮਾਹੌਲ ਬਣਿਆ।
ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਬੀਬੀਆਂ ਕੋਲੋ ਅਮ੍ਰਿਤਸੰਚਾਰ ਕਰਵਾ ਕੇ ਅਤੇ ਅਮ੍ਰਿਤਧਾਰੀ ਬੀਬੀਆਂ ਕੋਲੋ ਹਵਨ ਕਰਵਾਇਆ। ਜਿਸ ਕਰਕੇ ਪੰਥ ਦੇ ਇਕ ਛੋਟੇ ਹਿੱਸੇ ਦੀਆਂ ਭਾਵਨਾਵਾਂ ਭੜਕ ਗਈਆ। ਕੁਝ ਲੋਕ ਲੋਕ ਥਾਣੇ ਜਾ ਜਾ ਕੇ ਪਰਚੇ ਦਰਜ ਕਰਵਾਂਦੇ ਨਜ਼ਰ ਆ ਰਹੇ ਹਨ।
ਇਸ ਮਾਮਲੇ ਨੂੰ ਬੜੇ ਹੀ ਵਿਸਥਾਰ ਨਾਲ ਸਮਝਣ ਦੀ ਲੋੜ ਹੈ।
1 ਕੀ ਨਾਮਧਾਰੀ ਸਿੱਖ ਰਹਿਤ ਮਰਯਾਦਾ ਅਨੁਸਾਰ ਗੁਰਮਤਿ ਅਤੇ ਸਿੱਖ ਦੀ ਪਰਿਭਾਸ਼ਾ ਤੇ ਖਰੇ ਉਤਰਦੇ ਹਨ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਸਿੱਖ ਰਹਿਤ ਮਰਯਾਦਾ ਮੁਤਾਬਿਕ ਜੋ ਇਸਤਰੀ ਜਾ ਪੁਰਸ਼ ਦਸ ਗੁਰੂ ਸਾਹਿਬ , ਸ਼੍ਰੀ ਗੁਰੂ ਗ੍ਰੰਥ ਸਾਹਿਬ
ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।
ਨਾਮਧਾਰੀ ਪੁਰਖ ਗੁਰੂ ਭਾਵ ਦੇਹਧਾਰੀ ਗੁਰੂ ਦੇ ਸਿਧਾਂਤ ਨੂੰ ਮੰਨਦੇ ਹਨ । ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਗੁਰੂ ਤੁਲ ਨਿਸ਼ਚਾ ਨਹੀਂ ਰੱਖਦੇ ਸਿਰਫ ਗੁਰਬਾਣੀ ਮੰਨਦੇ ਹਨ। ਉਹ ਦੂਜੇ ਧਰਮਾਂ ਦੇ ਪੁਰਬ, ਦਿਹਾੜੇ ਵੀ ਮਨਾਉਦੇ ਹਨ, ਅਜਿਹੇ ਹਾਲਾਤ ਚ ਉਹ ਕੀ ਕਰਦੇ ਹਨ ਸਾਨੂੰ ਉਸ ਵਲ ਧਿਆਨ ਦੇਣ ਦੀ ਲੋੜ ਨਹੀਂ ਰਹਿ ਜਾਂਦੀ।
ਜਿਥੋਂ ਤੱਕ ਹਵਨ ਦੀ ਗੱਲ ਹੈ ਤਾਂ ਪੰਥ ਵਿਚ ਵੀ ਅਜਿਹੇ ਕਈ ਡੇਰੇ ਹਨ ਜੋ ਹਵਨ ਸਮਗਰੀ ਨੂੰ ਧੁਖਾ ਕੇ ਪੂਜਾ ਕਰਦੇ ਹਨ। ਇਹ ਅਲੱਗ ਗੱਲ ਹੈ ਕਿ ਉਹ ਹਵਨ ਕੁੰਡ ਨਹੀਂ ਕਿਸੇ ਬਰਤਨ ਚ ਸਾਰੀ ਸਮੱਗਰੀ ਪਾ ਲੈਂਦੇ ਹਨ। ਉਥੇ ਵੀ ਅਮ੍ਰਿਤਧਾਰੀ ਸਿੰਘ ਹੀ ਹੁੰਦੇ ਹਨ, ਓਥੇ ਸਾਡੀ ਆਵਾਜ਼ ਕਿਉਂ ਦੱਬ ਜਾਂਦੀ ਹੈ।
ਇਸ ਤਸਵੀਰ ਦਾ ਦੂਜਾ ਪੱਖ ਇਹ ਹੈ ਕਿ ਠਾਕੁਰ ਦਲੀਪ ਸਿੰਘ ਨਾਮਧਾਰੀਆ ਚ ਕੁਝ ਅਲੱਗ ਤੇ ਵੱਖ ਕਰਨ ਦੀ ਸੋਚ ਰੱਖਦੇ ਹਨ। ਉਨ੍ਹਾਂ ਨਾਮਧਾਰੀਆ ਨੂੰ ਕੁਝ ਅਜਿਹਾ ਕਰਨ ਦਾ ਸੰਦੇਸ਼ ਦਿੱਤਾ ਜਿਸ ਕਰਕੇ ਓਨਾ ਦੇ ਵਿਚਾਰ ਪੁਰਾਣੀ ਸੋਚ ਰੱਖਣ ਵਾਲੇ ਨਾਮਧਾਰੀਆ ਨੂੰ ਹਜ਼ਮ ਨਹੀਂ ਹੋ ਰਹੀ। ਉਨਾਂ ਸਿੱਖਾਂ ਤੇ ਨਾਮਧਾਰੀਆ ਚੋ ਦੂਰੀਆਂ ਖ਼ਤਮ ਕਰਨ ਲਈ ਆਪਸ ਵਿਚ ਮਿਲਣ ਸਮੇ ਫਤਿਹ ਬੁਲਾਉਣ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿਣ,ਨਾਮਧਾਰੀਆ ਨੂੰ ਕਿਰਪਾਨ ਪਹਿਨਣ ਦੀ ਖੁੱਲ ਦੇਣ, ਨਾਮਧਾਰੀ ਡੇਰਿਆਂ ਵਿਚ ਪੰਥਕ ਨਿਸ਼ਾਨ ਸਾਹਿਬ ਲਹਿਰਾਉਣ ਲਈ ਕਿਹਾ। ਠਾਕੁਰ ਦਲੀਪ ਸਿੰਘ ਨੇ ਨਾਮਧਾਰੀਆ ਨੂੰ ਖੂਨ ਦਾਨ ਕਰਨ, ਲੰਗਰ ਵਿੱਚ ਦਾਖਲ ਹੋਣ ਸਮੇਂ ਜਾਤ ਪਾਤ ਦੇ ਭੇਦ ਨੂੰ ਖ਼ਤਮ ਕਰ ਦਿੱਤਾ। ਹੁਣ ਜੇ ਬੀਬੀਆਂ ਨੂੰ ਅਮ੍ਰਿਤਸੰਚਾਰ ਵਿਚ ਭਾਗ ਲੈਣ ਦੀ ਖੁੱਲ ਦਿੱਤੀ ਤਾਂ ਪੰਥ ਨੂੰ ਉਸ ਦਾ ਸੁਆਗਤ ਕਰਨਾ ਚਾਹੀਦਾ ਸੀ। ਸਿੱਖ ਰਹਿਤ ਮਰਿਆਦਾ ਵਿਚ ਸ਼ਪਸ਼ਟ ਅੰਕਿਤ ਹੈ ਕਿ ਪੰਜ ਪਿਆਰਿਆਂ ਵਿਚ ਬੀਬੀਆਂ ਵੀ ਸ਼ਾਮਿਲ ਹੋ ਸਕਦੀਆਂ ਹਨ।
ਇਸਤਰੀ ਜਾਤੀ ਦੇ ਅਧਿਕਾਰ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਪੰਥ ਚ ਆਵਾਜ਼ ਬੁਲੰਦ ਕੀੱਤੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਦੀ ਸੇਵਾ, ਗ੍ਰੰਥੀ ਦੀ ਸੇਵਾ, ਪਾਲਕੀ ਸਾਹਿਬ ਦੀ ਸੇਵਾ ਆਦਿ । ਪਰ ਕਦੀ ਵੀ ਪੁਰਸ਼ ਪ੍ਰਧਾਨ ਸਮਾਜ ਨੇ ਬੀਬੀਆਂ ਦੀ ਇਸ ਮੰਗ ਵਲ ਗੋਰ ਨਹੀਂ ਕੀਤਾ।
ਕੁੱਖ ਚ ਕੁੜੀ ਮਾਰਨ ਦੇ ਰੁਝਾਨ ਨੇ ਸਿੱਖ ਸਮਾਜ ਨੂੰ ਹੋਰ ਵੀ ਸੋਚਣ ਤੇ ਮਜਬੂਰ ਕਰ ਦਿੱਤਾ। ਸਿੱਖਾਂ ਦੀ ਪ੍ਰਤੀਨਿਧੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੁੱਖ ਤੇ ਕੁੱਖ ਬਚਾਉਣ ਲਈ ਵਸ਼ੇਸ਼ ਉਪਰਾਲੇ ਸ਼ੁਰੂ ਕੀਤੇ।
ਅੱਜ ਜੇ ਕਿਸੇ ਨੇ ਪਹਿਲ ਕਰਕੇ ਇਸਤਰੀ ਜਾਤੀ ਦੇ ਸਤਿਕਾਰ ਤੇ ਸਨਮਾਨ ਨੂੰ ਬਹਾਲ ਕਰਨ ਲਈ ਦਲੇਰੀ ਭਰਿਆ ਇਕ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ ਤਾਂ ਉਸ ਦਾ ਸੁਆਗਤ ਕਰਨਾ ਬਣਦਾ ਹੈ।
namdhari'

LEAVE A REPLY