ਗ਼ਜ਼ਲ

0
109

ਜ਼ਰਾ ਵੀ ਫ਼ਰਕ ਨਈਂ ਹੁੰਦਾ, ਮੁਹੱਬਤ ਤੇ ਇਬਾਦਤ ਵਿਚ
ਬੜਾ ਨਜ਼ਦੀਕ ਦਾ ਰਿਸ਼ਤਾ ਹੈ, ਨੇਕੀ ਤੇ ਸ਼ਰਾਫਤ ਵਿਚ
ਤੇਰੀ ਮੁਸਕਾਨ ਕੀਤੇ ਨੇ, ਬੜੇ ਚੰਗੇ ਭਲੇ, ਪਾਗਲ
ਬਥੇਰੇ ਲੋਕ ਨੇ ਉਲਝੇ, ਨਿਗਾਹਾਂ ਦੀ ਇਬਾਰਤ ਵਿਚ
ਐ ਨੀਂਦਰ ! ਆ ਵੀ ਜਾ ਛੇਤੀ, ਕਿਸੇ ਖ਼ਾਬਾਂ ‘ਚ ਹੈ ਆਉਣਾ,
ਅਜੇ ਦਿਲ ਨੂੰ ਵਿਛਾਉਣਾ ਹੈ, ਅਸਾਂ ਉਸ ਦੇ ਸਵਾਗਤ ਵਿਚ
ਮਿਟਾ ਦੇ ਤੂੰ, ਖੁਦੀ ਅਪਣੀ, ਮੁਹੱਬਤ ਵਿਚ ਫਨਾਹ ਹੋ ਜਾ,
ਤੂੰ ਜ਼ਜ਼ਬਾ ਵੇਖ ਕਿੰਨਾ ਹੈ, ਜਿਉਂਦੇ ਜੀਅ ਸ਼ਹਾਦਤ ਵਿਚ
ਤਜ਼ਰਬਾ ਮੇਚ ਨੀ ਆਉਂਦਾ, ਕਿਸੇ ਦਾ ਹੋਰ ਨੂੰ ਯਾਰੋ,
ਬੜਾ ਕੁਝ ਬੇਵਜ੍ਹਾ ਹੁੰਦੈ, ਅਖਾਣਾਂ ਤੇ ਕਹਾਵਤ ਵਿਚ
ਸਿਖਾਉਂਦੇ ਜਾਚ ਜੀਵਨ ਦੀ, ਖਿੜੇ ਫੁੱਲ ਥੋਹਰ ਦੇ ਉੱਤੇ,
ਸਦਾ ਹੀ ਮੁਸਕਰਾਉਂਦੇ ਨੇ ਉਹ ਨੋਕਾਂ ਦੀ ਹਿਫਾਜ਼ਤ ਵਿੱਚ
ਕਦੇ ਬੱਚਾ ਜਿਹਾ ਬਣ ਕੇ, ਖਿਲਾਰੀਂ ਝੱਲ, ਖੁਸ਼ ਹੋਵੀਂ
ਰਵੀਂ ਨਾ ਉਲਝਿਆ ਐਵੇਂ ਹੀ, ਝੂਠੀ ਜਈ ਨਫ਼ਾਸਤ ਵਿਚ
ਨ ਬਣ ਨਾਦਾਂ, ਸੰਭਲ ਐ ਦਿਲ, ਉਨੂੰ ਦਿਲ ਦੇਣ ਤੋਂ ਪਹਿਲਾਂ,
ਯਕੀਂ ਉਸ ਦਾ ਹਮੇਸ਼ਾ ਹੀ ਰਿਹਾ, ਦਿਲ ਦੀ ਤਿਜ਼ਾਰਤ ਵਿਚ
ਕਿਸੇ ਦੀ ਅੱਖ ਦਾ ਤਾਰਾ ਨ ਬਣਦਾ ਹੁਸਨ ਐਵੇਂ ਹੀ
ਬੜਾ ਕੁਝ ਹੋਰ ਹੁੰਦਾ ਹੈ, ਅਦਾਵਾਂ ਦੀ ਨਜ਼ਾਕਤ ਵਿਚ
‘ਕੰਵਲ’ ਪਾ ਕੇ ਕੁਠਾਲੀ ਜਿਸ ਤਰਾਂ ਸੋਨਾ ਤਪਾੳੁਂਦੇ ਹਾਂ
ਮੁਹੱਬਤ ਦੀ ਡੂੰਘਾੲੀ ਪਰਖ ਹੁੰਦੀ ਹੈ ਮੁਸੀਬਤ ਵਿੱਚ
*** ਕੁਲਵਿੰਦਰ ‘ਕੰਵਲ’

LEAVE A REPLY