ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਬਗਾਵਤ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੇ ਐਲਾਨ ਤੋਂ ਮੁੱਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਇਕਰਾਰਨਾਮੇ ਨੂੰ ਪੂਰਾ ਨਾ ਕਰਨ ਦੇ ਦੋਸ਼

0
285

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਉਸ ਸਮੇ ਬਗਾਵਤ ਹੋ ਗਈ ਜਦ ਨੌਜਵਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੇ ਐਲਾਨ ਤੋਂ ਮੁੱਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਇਕਰਾਰਨਾਮੇ ਨੂੰ ਪੂਰਾ ਨਾ ਕਰਨ ਦੇ ਦੋਸ਼ ਲਗਾ ਕੇ ਪ੍ਰਧਾਨਗੀ ਅਤੇ ਫੈਡਰੇਸ਼ਨ ਦੀ ਮੁਢਲੀ ਮੈਬਰਸ਼ਿਪ ਤੋ ਖਾਰਜ ਕਰਨ ਦਾ ਐਲਾਣ ਕੀਤਾ। ਹੰਗਾਮੀ ਹਾਲਾਤਾਂ ਵਿੱਚ ਸੱਦੀ ਗਈ ਇਸ ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਨੋਜਵਾਲਾਂ ਨੇ ਕਿਹਾ ਕਿ ਸ੍ਰ ਪੀਰਮੁਹੰਮਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਐਲਾਣ ਕਰਕੇ ਮੁਕਰ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਨਾ ਇਜਲਾਸ ਮੌਕੇ ਭਾਈ ਪੀਰਮੁਹੰਮਦ ਨੇ 14 ਮਾਰਚ ਨਾਨਕਸ਼ਾਹੀ ਨਵੇਂ ਵਰ•ੇ ਮੌਕੇ ਫੈਡਰੇਸ਼ਨ ਦੀ ਅਗਵਾਈ ਨੌਜਵਾਨ ਵਿਦਿਆਰਥੀਆਂ ਦੇ ਹੱਥ ਦੇਣ ਦਾ ਅਤੇ ਦਲ ਖਾਲਸਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਜਥੇਬੰਦੀ ਦਾ ਪੁਰਾਣਾ ਢਾਂਚਾ ਭੰਗ ਕਰਕੇ 12 ਵਿਦਿਆਰਥੀਆਂ ਦੀ ਐਡਹਾਕ ਕਮੇਟੀ ਬਣਾਈ ਗਈ ਸੀ। ਪਰ ਇਸ ਅਰਸੇ ਦੌਰਾਨ ਐਡਹਾਕ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਬੁਲਾਈ ਗਈ। ਫੈਡਰੇਸ਼ਨ ਦੇ ਹਰ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਦੇ ਬਾਵਜੂਦ ਫੈਡਰੇਸ਼ਨ ਦੇ ਕਿਸੇ ਵੀ ਮਾਮਲੇ ਵਿੱਚ ਐਡਹਾਕ ਕਮੇਟੀ ਦੀ ਰਾਇ ਨਹੀਂ ਲਈ ਗਈ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਫੈਡਰੇਸ਼ਨ ਦੇ ਨੌਜਵਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਸੱਦੀ ਗਈ।
ਫੈਡਰੇਸ਼ਨ ਦੇ ਨੌਜਵਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਫੈਡਰੇਸ਼ਨ ਮੁਖੀ ਵੱਲੋਂ ਐਲਾਨ ਤੋਂ ਮੁੱਕਰਨ ਲਈ ਮਾਫੀ ਦੀ ਅਰਦਾਸ ਕੀਤੀ ਗਈ। ਅਰਦਾਸ ਤੋਂ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਕੁਝ ਮਹੱਤਵਪੂਰਨ ਮਤੇ ਪਾਸ ਕੀਤੇ ਗਏ। ਇਹਨਾਂ ਮਤਿਆਂ ਵਿੱਚੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮੁਕੰਮਲ ਰੂਪ ਸਿੱਖ ਨੌਜਵਾਨ ਵਿਦਿਆਰਥੀ ਜਥੇਬੰਦੀ ਦੇ ਰੂਪ ਵਿੱਚ ਸਥਾਪਤ ਕਰਨਾ, ਭਾਈ ਕਰਨੈਲ ਸਿੰਘ ਪੀਰਮੁਹੰਮਦ ਅਤੇ ਜਗਰੂਪ ਸਿੰਘ ਚੀਮਾਂ ਨੂੰ ਸਾਰੇ ਅਹੁਦਿਆਂ ਅਤੇ ਫੈਡਰੇਸ਼ਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਸੇਵਾ-ਮੁਕਤ ਕਰਨਾ, ਫੈਡਰੇਸ਼ਨ ਦਾ ਨਵਾਂ ਜਥੇਬੰਧਕ ਢਾਂਚਾ ਉਲੀਕਣ ਲਈ ਭਾਈ ਅਨਮੋਲਦੀਪ ਸਿੰਘ ਦੀ ਅਗਵਾਈ ਹੇਠ ਸੰਵਿਧਾਨਕ ਕਮੇਟੀ ਦਾ ਗਠਨ ਕਰਨਾ, ਫੈਡਰੇਸ਼ਨ ਵਿੱਚ ਧੜੇਬੰਦੀ ਤੋਂ ਪਹਿਲਾਂ ਵਾਲੇ ਸਰੂਪ ਅਤੇ ਰਵਾਇਤਾਂ ਨੂੰ ਬਹਾਲ ਕਰਨਾ ਆਦਿ ਮਤੇ ਪ੍ਰਮੁੱਖ ਸਨ। ਸੰਵਿਧਾਨ ਕਮੇਟੀ ਵਿੱਚ ਭਾਈ ਅਨਮੋਲਦੀਪ ਸਿੰਘ ਤੋਂ ਇਲਾਵਾ ਅਰਸ਼ਦੀਪ ਸਿੰਘ, ਭੁਪਿੰਦਰਪਾਲ ਸਿੰਘ, ਕਰਨਵੀਰ ਸਿੰਘ, ਗੁਰਸ਼ਰਨ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਪਾਲ ਸਿੰਘ ਸ਼ਾਮਿਲ ਕੀਤੇ ਗਏ। ਇਸ ਮੌਕੇ ਪੰਜਾਬ ਯੂਨੀਵਰਸਿਟੀ (ਚੰਡੀਗੜ•), ਪੰਜਾਬੀ ਯੂਨੀਵਰਸਿਟੀ (ਪਟਿਆਲਾ), ਚੰਡੀਗੜ• ਯੂਨੀਵਰਸਿਟੀ (ਘੜੂੰਆਂ), ਦੇਵੀ ਲਾਲ ਯੂਨੀਵਰਸਿਟੀ (ਸਿਰਸਾ), ਖਾਲਸਾ ਕਾਲਜ (ਪਟਿਆਲਾ), ਮੀਰੀ-ਪੀਰੀ ਖਾਲਸਾ ਕਾਲਜ (ਭੂੰਦੜ), ਨਹਿਰੂ ਮੈਮੋਰੀਅਲ ਕਾਲਜ (ਮਾਨਸਾ), ਗੁਰੂ ਨਾਨਕ ਕਾਲਜ (ਬੁਢਲਾਡਾ), ਬਲਰਾਜ ਸਿੰਘ ਭੂੰਦੜ ਮੈਮੋਰੀਅਲ ਕਾਲਜ (ਸਰਦੂਲਗੜ•), ਆਦਿ ਕਾਲਜਾਂ ਦੀਆਂ ਇਕਾਈਆਂ ਦੀਆਂ ਕਮੇਟੀਆਂ ਦਾ ਐਲਾਨ ਕੀਤਾ ਗਿਆ। ਫੈਡਰੇਸ਼ਨ ਵੱਲੋਂ ਜਲਦ ਹੀ ਹੋਰਨਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਕਾਈਆਂ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ। ਭਾਈ ਅਨਮੋਲਦੀਪ ਸਿੰਘ ਨੇ ਛੇਤੀ ਹੀ ਫੈਡਰੇਸ਼ਨ ਦੇ ਨਵੇਂ ਜਥੇਬੰਧਕ ਢਾਂਚੇ ਦਾ ਅਤੇ ਅਜੋਕੇ ਸਮੇਂ ਅਨੁਸਾਰ ਮਾਰਗ-ਸੇਧ ਜਾਰੀ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਫੈਡਰੇਸ਼ਨ ਵਿੱਚ ਲੰਮਾ ਸਮਾਂ ਸੇਵਾ ਨਿਭਾਉਣ ਅਤੇ ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵਾਈ ਲਈ ਭਾਈ ਪੀਰਮੁਹੰਮਦ ਦਾ ਸਤਿਕਾਰ ਅੱਜ ਵੀ ਫੈਡਰੇਸ਼ਨ ਦੇ ਨੌਜਵਾਨਾਂ ਦੇ ਮਨਾਂ ਅੰਦਰ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁੱਖ ਹੋ ਕੇ ਸਿੱਖ ਸਿਧਾਂਤਾਂ ਨੂੰ ਪਿੱਠ ਦਿਖਾਉਣਾ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਫੈਡਰੇਸ਼ਨ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਣਾਈ ਗਈ ਇਤਿਹਾਸਕ ਸ਼ਹੀਦੀ ਗੈਲਰੀ ਮੁੜ ਖੋਲਣ ਲਈ ਯਾਦ-ਪੱਤਰ ਸੌਂਪਿਆ ਗਿਆ। ਉਹਨਾਂ ਕਿਹਾ ਕਿ ਇਹ ਗੈਲਰੀ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਇਤਿਹਾਸਕ ਯਾਦਗਾਰ ਹੈ, ਇਸਨੂੰ ਹਰ ਹਾਲ ਵਿੱਚ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲਿਆ ਜਾਣਾ ਚਾਹੀਦਾ ਹੈ। ਸਾਬਕਾ ਪ੍ਰਧਾਨ ਵੱਲੋਂ ਦਲ ਖਾਲਸਾ ਨਾਲ ਕੀਤੀ ਸਿਧਾਂਤਕ ਏਕਤਾ ਬਾਰੇ ਉਹਨਾਂ ਨੇ ਸਪੱਸ਼ਟ ਕੀਤਾ ਕਿ ਫੈਡਰੇਸ਼ਨ ਸਿੱਖ ਸਿਧਾਂਤਾਂ ਉੱਤੇ ਚੱਲਣ ਵਾਲੀਆਂ ਸਮੂਹ ਧਿਰਾਂ ਨਾਲ ਗੱਲਬਾਤ ਲਈ ਤਿਆਰ ਹੈ। ਪਰ ਫੈਡਰੇਸ਼ਨ ਸਿੱਖ ਨੌਜਵਾਨੀ ਦੀ ਨੁਮਾਇੰਦਾ ਜਥੇਬੰਦੀ ਹੈ, ਅਤੇ ਕਿਸੇ ਰਾਜਨੀਤਕ ਪਾਰਟੀ ਦੇ ਯੂਥ ਵਿੰਗ ਬਣਨਾ ਸੰਭਵ ਨਹੀਂ ਹੈ। ਇਸ ਮੌਕੇ ਫੈਡਰੇਸ਼ਨ ਆਗੂ ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਜਸਪ੍ਰੀਤ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਮਨਜਿੰਦਰ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।
ਚਰਨਜੀਤ ਸਿੰਘ ਅਰੋੜਾ-9780571231

LEAVE A REPLY