ਮਸਲਾ ਹੈ ਪੰਥ ਦੀ ਯੋਗ ਅਗਵਾਈ ਦਾ

0
159
ਸਿੱਖ ਪੰਥ ਇਕ ਬਿਖੜੇ ਪੈਂਡੈ ਨੂੰ ਪਾਰ ਕਰ ਰਿਹਾ ਹੈ। ਸਿੱਖ ਰਾਜਨੀਤੀ ਆਪਣੇ ਹੁਣ ਤੱਕ ਦੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਚੋ ਲੰਘ ਰਹੀ ਹੈ।ਲੰਮੇ ਸਮੇ ਤੋ ਤਾਜੁਰਬਿਆ ਦਾ ਇਕ ਦੌਰ ਜਾਰੀ ਹੈ। ਅਕਾਲੀ ਦਲ ਬਾਦਲ ਪੰਥਕ ਅਗਵਾਈ ਕਰਦਾ ਪੰਜਾਬੀ ਪਾਰਟੀ ਬਣ ਗਿਆ। ਬਾਦਲ ਵਿਰੋਧੀ ਧਿਰਾਂ ਉਸੇ ਰਸਤੇ ਤੇ ਚਲ ਰਹੀਆਂ ਹਨ ਜਿਸ ਰਸਤੇ ਤੇ ਬਾਦਲ ਦਲ ਊਨਾ ਧਿਰਾਂ ਨੂੰ ਤੋਰਨਾ ਚਾਹੁੰਦਾ ਹੈ। ਇਹ ਸਮਝੌਤੇ ਦੇ ਤਹਿਤ ਹੋ ਰਿਹਾ ਹੈ ਜਾਂ ਜਾਨੇ ਅਨਜਾਣੇ ਚ ਇਸ ਦਾ ਫੈਸਲਾ ਸਮਾਂ,ਇਤਿਹਾਸ ਨੇ ਕਰਨਾ ਹੈ। ਬਾਦਲ ਦਲ ਦੇ ਸਭ ਤੋਂ ਨੇੜਲੇ ਸਿਆਸੀ ਵਿਰੋਧੀ ਅਕਾਲੀ ਦਲ ਅੰਮ੍ਰਿਤਸਰ ਜਿਸ ਦੀ ਅਗਵਾਈ ਸਿਮਰਨਜੀਤ ਸਿੰਘ ਮਾਨ ਕਰਦੇ ਹਨ ਵੀ ਸਿੱਖ ਭਾਵਨਾਵਾਂ ਤੇ ਪੁਰਾ ਨਹੀਂ ਉਤਰ ਸਕਿਆ। ਪੰਚ ਪ੍ਰਧਾਨੀ ਦਲ ਖਾਲਸਾ ਚ ਜਜ਼ਬ ਹੋ ਗਿਆ ਤੇ ਆਪਣੀ ਰਾਜਨੀਤਿਕ ਹੋਂਦ ਨੂੰ ਗਵਾ ਗਿਆ।ਅਕਾਲੀ ਦਲ 1920 ਡਰਾਇੰਗ ਰੂਮ ਦੀ ਰਾਜਨੀਤੀ ਤੋਂ ਕਦੀ ਅੱਗੇ ਨਹੀਂ ਗਿਆ। ਇਕ ਮਜਬੂਤ ਆਗੂ ਰਘਬੀਰ ਸਿੰਘ ਰਾਜਾਸਾਂਸੀ ਵੀ ਸ ਰਵੀਇੰਦਰ ਸਿੰਘ ਦਾ ਪੱਲਾ ਛੱਡ ਕੇ ਅਖੀਰ ਆਪਣੀ ਰਾਜਨੀਤਕ ਹੋਂਦ ਬਚਾਉਣ ਲਈ ਬਾਦਲ ਦਲ ਨਾਲ ਤੁਰ ਪਿਆ। ਖ਼ਲਾਅ ਪੁਰਾ ਕਰਨ ਲਈ ਭਾਈ ਮੋਹਕਮ ਸਿੰਘ ਦਾ ਯੂਨਾਇਟੇਡ ਅਕਾਲੀ ਦਲ ਬਣਿਆ ਉਹ ਵੀ ਇਕ ਮਜਬੂਤ ਬਦਲ ਨਹੀਂ ਬਣ ਸਕਿਆ। ਹਾਲਾਂ ਕਿ ਭਾਈ ਮੋਹਕਮ ਸਿੰਘ ਨਾਲ ਗੁਰਦੀਪ ਸਿੰਘ ਬਠਿੰਡਾ ਵਰਗੇ ਸੁਜਵਾਨ ਸਾਥੀ ਵੀ ਹਨ। ਕਈ ਫੈਡਰੇਸ਼ਨਾਂ, ਕਈ ਧਾਰਮਿਕ ਦਲ, ਸਮਾਜਿਕ ਦਲ ਹੋਣ ਦੇ ਬਾਵਜੂਦ ਸਿੱਖ ਪੰਥ ਸਿਆਸੀ ਖੇਤਰ ਚ ਲਗਾਤਾਰ ਪਿੱਛੇ ਜਾ ਰਿਹਾ ਹੈ। ਸਰਬਤ ਖਾਲਸਾ ਦੇ 10 ਨਵੰਬਰ 2015 ਦੇ ਇਕੱਠ ਤੋਂ ਕੋਈ ਸਿਆਸੀ ਲਾਭ ਨਹੀਂ ਲਿਆ ਜਾ ਸਕਿਆ। ਇਸ ਪਿੱਛੇ ਕਾਰਨ ਕੀ ਰਿਹਾ ਇਸ ਬਾਰੇ ਮਿਲ ਬੈਠ ਕੇ ਵਿਚਾਰ ਕਰਨ ਦੀ ਲੋੜ ਹੈ। ਪੰਜਾਬ ਦੇ ਕਰੀਬ ਅੱਧੀ ਦਰਜਨ ਅਕਾਲੀ ਦਲ, ਇਨੀਆ ਹੀ ਫੈਡਰੇਸ਼ਨਾਂ, ਤੇ ਅਣਗਿਣਤ ਹੋਰ ਜਥੇਬੰਦੀਆਂ ਪੰਜਾਬ ਨੂੰ ਯੋਗ ਅਗਵਾਈ ਦੇਣ ਚ ਬੁਰੀ ਤਰ੍ਹਾਂ ਨਾਕਾਮ ਰਹੀਆ। ਕਿਸੇ ਕੋਲ ਉਹ ਭਾਵਨਾ ਨਹੀਂ ਰਹਿ ਗਈ ਕਿ ਅਸੀਂ ਸਾਰੇ ਇਕੱਠੇ ਹੋ ਜਾਈਏ। ਸੁਣਿਆ ਸੀ ਕਿ ਹਰ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ, ਪਰ ਇਥੇ ਹਰ ਮੱਛੀ, ਛੋਟੀ ਹੈ ਜਾਂ ਵਡੀ ਦੂਜੀ ਮੱਛੀ ਨੂੰ ਖਾ ਜਾਣ ਲਈ ਉਤਾਵਲੀ ਹੋਈ ਹੈ। ਸਿੱਖਾਂ ਦੀ ਰਾਜਨੀਤੀ ਮੀਰੀ ਤੇ ਪੀਰੀ ਤੇ ਅਧਾਰਤ ਸੀ।ਅਫਸੋਸ ਅਜੋਕੀ ਰਾਜਨੀਤੀ ਗੁਰੂ ਹਰਗੋਬਿੰਦ ਸਾਹਿਬ ਦੇ ਉਸ ਸਿਧਾਂਤ ਦੇ ਲਾਗੇ ਵੀ ਨਹੀਂ ਢੁਕਦੀ। ਸਮਝੋਤੇਵਾਦੀ ਬਣ ਕੇ ਦੂਜੇ ਨੂੰ ਠਿੱਬੀ ਲਾਉਣ ਦੀ ਇਕ ਹੋੜ ਲੱਗੀ ਹੋਈ ਹੈ। ਦੂਜੇ ਨੂੰ ਨੀਵਾਂ ਦਿਖਾਉਣ ਚ ਉਤਾਵਲੇ ਸਾਡੇ ਅਕਾਲੀ ਕਹਾਉਣ ਵਾਲੇ ਦੁਸ਼ਮਣ ਨਾਲ ਵੀ ਸਮਝੌਤਾ ਕਰ ਲੈਂਦੇ ਹਨ। ਜਿਸ ਵਿਚਾਰਧਾਰਾ ਦਾ ਵਿਰੋਧ ਕਰਦੇ ਨੇ ਉਸ ਦਾ ਪ੍ਰਚਾਰ ਕਰਨ ਵਾਲਿਆਂ ਨਾਲ ਹੱਥ ਮਿਲਾ ਲੈਣ ਤੋਂ ਜਰਾ ਵੀ ਗੁਰੇਜ਼ ਨਹੀਂ ਕਰਦੇ। ਅਜੋਕੇ ਹਾਲਾਤਾਂ ਚੋਂ ਨਿਕਲਣ ਦਾ ਇਕ ਤਰੀਕਾ ਇਹ ਹੀ ਹੈ ਕਿ ਹੁਣ ਰਵਾਇਤੀ ਲੀਡਰਸ਼ਿਪ ਨੂੰ ਫਤਹਿ ਬੁਲਾ ਕੇ ਨਵੀਂ ਲੀਡਰਸ਼ਿਪ ਨੂੰ ਲੱਭਿਆ ਜਾਵੇ। ਪੰਥ ਦੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਨਿਸ਼ਾਨੇ ਤਹਿ ਕਰਕੇ ਫਿਰ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਜਾਵੇ। ਪੁਰਾਣੀ ਲੀਡਰਸ਼ਿਪ ਨੂੰ ਸਖਤੀ ਨਾਲ ਕਿਹਾ ਜਾਵੇ ਕਿ ਹੁਣ ਬਸ ਕਰ ਦੇਣ। 50 ਸਾਲ ਤੋਂ ਇਨਾ ਦੀਆਂ ਪ੍ਰਪਤੀਆ ਦਾ ਲੇਖਾਜੋਖਾ ਕਰ ਕੇ ਇਕ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ ਕਿ ਅਸੀਂ ਡੁਬੇ ਕਿਉ।ਇਕ ਅਹਿਦ ਕਰ ਲਈਏ ਕਿ 50 ਸਾਲ ਤਕ ਕਿਸੇ ਵੀ ਅੰਦਰੂਨੀ ਮਸਲੇ ਤੇ ਕੋਈ ਚਰਚਾ ਨਹੀਂ ਕੀੱਤੀ ਜਾਵੇਗੀ। ਸਾਡਾ ਟੀਚਾ ਸਿਰਫ ਤੇ ਸਿਰਫ ਨੌਜਵਾਨ ਪੀੜੀ ਨੂੰ ਭਵਿੱਖ ਲਈ ਤਿਆਰ ਕਰਨਾ ਹੋਵੇ। ਪਤਰਕਾਰ ਚਰਨਜੀਤ ਸਿੰਘ 9780571231

LEAVE A REPLY