ਅਕਾਦਮਿਕ ਖੋਜ ਅਤੇ ਸਾਹਿਤ ਚਿੰਤਨ ਨੂੰ ਸਮਰਪਣ ਨਾਲ ਸ਼ੁਰੂ ਹੋਇਆ ਸਾਹਿਤ ਉਤਸਵ ੨੦੧੭ ਸਮਕਾਲੀ ਅਕਾਦਮਿਕ ਖੋਜ ਵਿਹਾਰ ‘ਤੇ ਹੋਏ ਤਿੱਖੇ ਪ੍ਰਸ਼ਨ

0
192

“ਪੰਜਾਬੀ ਮਨ ਆਪਣੀ ਗਿਆਨਮੁਖੀ ਪਰੰਪਰਾ ਦੇ ਸਿਧਾਂਤ ਅਤੇ ਪਰਿਪੇਖ ਨੂੰ ਚਿੰਤਨਮਈ ਬਣਾਉਣ ਦੀ ਬਜਾਇ ਭਾਵਨਾਤਮਕ ਪ੍ਰਤੀਕ੍ਰਿਆਵਾਂ ਵਿਅਕਤ ਕਰ ਰਿਹਾ ਹੈ। ਇਸ ਦੀ ਪ੍ਰਮੁੱਖ ਮਿਸਾਲ ੧੯੪੭ ਅਤੇ ੧੯੮੪ ਦੇ ਦੁਖਾਂਤ ਬਾਰੇ ਹੁਣ ਤਕ ਪ੍ਰਾਪਤ ਅਧਿਐਨ ਤੋਂ ਪ੍ਰਤੱਖ ਹੋ ਜਾਂਦੀ ਹੈ। ਸਾਨੂੰ ਆਪਣੇ ਵਿਦਿਆਰਥੀਆਂ ਦੀ ਭਾਵਨਾਤਮਕ ਦ੍ਰਿਸ਼ਟੀ ਨੂੰ ਚਿੰਤਨ ਅਤੇ ਆਲੋਚਨਾਤਮਕ ਵਿਹਾਰ ਵਿਚ ਬਦਲਣਾ ਪਵੇਗਾ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਨਾਦ ਪ੍ਰਗਾਸੁ ਸੰਸਥਾ ਵੱਲੋਂ ਆਯੋਜਿਤ ਕੀਤੇ ਜਾ ਰਹੇ ਸਾਹਿਤ ਉਤਸਵ ਦੇ ਪਹਿਲੇ ਦਿਨ ਹੋਏ ‘ਸਮਕਾਲੀ ਪੰਜਾਬੀ ਸਾਹਿਤ ਚਿੰਤਨ: ਦਿਸ਼ਾ ਅਤੇ ਮੁਲਾਂਕਣ’ ਵਿਸ਼ੇ ‘ਤੇ ਹੋਏ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਮਨਮੋਹਨ ਨੇ ਕੀਤਾ। ਉਨ੍ਹਾਂ ਕਿਹਾ ਕਿ ਗਿਆਨ ਮੂਲਕ ਦ੍ਰਿਸ਼ਟੀ ਅਪਣਾਉਣ ਦੀ ਬਜਾਇ ਅਸੀਂ ਸਮੂਹਿਕ ਪੱਧਰ ‘ਤੇ ਆਪਣੀ ਪਰੰਪਰਾ ਪ੍ਰਤੀ ਇਕਹਿਰੀ ਅਤੇ ਵਿਸ਼ੇਸ਼ਣੀ ਪਹੁੰਚ ਹੀ ਅਪਣਾਉਂਦੇ ਰਹੇ ਹਾਂ ਜਿਸ ਕਰਕੇ ਪੰਜਾਬੀ ਚਿੰਤਨ ਦਾ ਨੁਕਸਾਨ ਹੋਇਆ ਹੈ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ, ਡਾ. ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ ਸਾਡੀ ਅਕਾਦਮਿਕਤਾ ਉਹ ਪ੍ਰਤੀਮਾਨ ਨਹੀਂ ਉਸਾਰ ਸਕੀ ਜਿਸ ਨੂੰ ਵਿਦਿਆਰਥੀ ਆਪਣੇ ਆਦਰਸ਼ ਵਜੋਂ ਸਵੀਕਾਰ ਕਰ ਸਕੇ।

ਅੱਜ ਦੇ ਸੈਮੀਨਾਰ ਵਿਚ ਤਿੰਨ ਖੋਜ ਪੱਤਰ ਵੀ ਪੜ੍ਹੇ ਗਏ ਜਿਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਗੁਰਮੁੱਖ ਸਿੰਘ ਨੇ ਸਮਕਾਲੀ ਅਕਾਦਮਿਕ ਸਾਹਿਤ ਚਿੰਤਨ ਦੇ ਵਿਸ਼ੇ ‘ਤੇ ਬੋਲਦਿਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸਥਾਪਤ ਅਕਾਦਮਿਕ ਖੋਜ ਅਤੇ ਅਧਿਆਪਕਾਂ ਦੀ ਰਾਜਨੀਤੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੇ ਸੈਮੀਨਾਰ, ਕਾਨਫਰੰਸਾਂ, ਪੀਐਚ.ਡੀ. ਅਤੇ ਐਮ.ਫਿਲ. ਦੇ ਖੋਜ ਕਾਰਜ ਵੀ ਤਸੱਲੀ ਬਖਸ਼ ਨਹੀਂ ਹਨ ਕਿਉਂਕਿ ਖੋਜ ਵਿਚ ਵਿਸ਼ੇ ਦੀ ਗੰਭੀਰਤਾ ਨੂੰ ਸਮਝਣ ਦੀ ਬਜਇ ਨੌਕਰੀ ‘ਤੇ ਕੇਂਦਰਿਤ ਹੁੰਦਿਆਂ, ਗਿਣਤੀ ਵਧਾਉਣ ‘ਤੇ ਜ਼ੋਰ ਦਿੱਤਾ ਜਾਣ ਲੱਗਾ ਹੈ।  ਉਨ੍ਹਾਂ ਕਿਹਾ ਕਿ ਰਾਜਨੀਤਿਕ ਦਖਲ ਅੰਦਾਜੀ ਨੇ ਵੀ ਸਾਡੇ ਅਕਾਦਮਿਕ ਖੋਜ ਕਾਰਜਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਚਿੰਤਨ ਦੀ ਗਿਰਾਵਟ ਦਾ ਇਕ ਕਾਰਨ ਸਾਡੇ ਅਕਾਦਮਿਕ ਅਦਾਰਿਆਂ ਵਿਚ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਧਾਨ ਹੋਣਾ ਵੀ ਰਿਹਾ ਹੈ, ਜਿਸ ਕਰਕੇ ਕੋਈ ਵੀ ਮਹੱਤਵਪੂਰਨ ਸਮਾਨੰਤਰ ਪਰਿਪੇਖ ਉਜਾਗਰ ਨਹੀਂ ਹੋ ਸਕਿਆ।

ਦੂਜੇ ਖੋਜ ਪੱਤਰ ‘ਸਮਕਾਲੀ ਸੰਸਥਾਗਤ ਸਾਹਿਤ ਚਿੰਤਨ’ ‘ਤੇ ਬੋਲਦਿਆਂ ਪੰਜਾਬੀ ਦੇ ਪ੍ਰਮੁੱਖ ਚਿੰਤਕ ਤਸਕੀਨ ਨੇ ਕਿਹਾ ਕਿ ਸਾਨੂੰ ਪੰਜਾਬੀ ਸਾਹਿਤ ਚਿੰਤਨ ਦੇ ਵਰਤਮਾਨ ਦੇ ਸਮਾਨੰਤਰ ਅਤੀਤ ਨੂੰ ਵੀ ਦੇਖਣਾ ਪਵੇਗਾ। ਉਨ੍ਹਾਂ ਕਿਹਾ ਕਿ  ਮੌਜੂਦਾ ਸਮੇਂ ਸਾਡੀਆਂ ਰਾਜਨੀਤਿਕ ਤੇ ਸਮਾਜਿਕ ਪ੍ਰਣਾਲੀਆਂ ਨੇ ਸਾਡੇ ਸਾਹਿਤ ਚਿੰਤਨ ਨੂੰ ਨਾਕਾਰਤਮਕ ਰੂਪ ਨਾਲ ਪ੍ਰਭਾਵਿਤ ਕੀਤਾ ਹੈ। ਹੁਣ ਗਿਆਨ ਅਤੇ ਸੱਤਾ ਜੁੱਟ ਵਿਰੋਧੀ ਨਾ ਹੋ ਕੇ ਇਕਸੁਰਤਾ ਵਿਚ ਚੱਲ ਰਹੇ ਹਨ। ਤੀਜੇ ਖੋਜ ਪੱਤਰ ‘ਗੈਰ ਅਕਾਦਮਿਕ ਸਾਹਿਤ ਚਿੰਤਨ’ ਦੇ ਵਿਸ਼ੇ ‘ਤੇ ਬੋਲਦਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਗੁਰਪਾਲ ਸਿੰਘ ਸੰਧੂ ਨੇ ਪ੍ਰੋ. ਕਿਸ਼ਨ ਸਿੰਘ, ਅਮਰਜੀਤ ਗਰੇਵਾਲ, ਹਰਵਿੰਦਰ ਭੰਡਾਲ, ਤਸਕੀਨ ਅਤੇ ਡਾ. ਮਨਮੋਹਨ ਦੇ ਹਵਾਲੇ ਨਾਲ ਆਪਣੇ ਨੁਕਤਿਆਂ ਨਾਲ ਉਭਾਰਿਆ। ਉਨ੍ਹਾਂ ਕਿਹਾ ਕਿ ਸਾਡੀਆਂ ਵਿਦਿਅਕ ਸੰਸਥਾਵਾਂ ਵਿਚ ਆਪਣੀ ਪਰੰਪਰਾ ਦਾ ਅਧਿਐਨ ਕਰਨ ਲਈ ਕਈ ਠੋਸ ਸਿਧਾਂਤਕ ਢਾਂਚਾ ਪ੍ਰਾਪਤ ਨਹੀਂ ਹੈ। ਇਸੇ ਕਰਕੇ ਭਾਈ ਗੁਰਦਾਸ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਗੁਰਬਾਣੀ ਆਧਾਰਿਤ ਸਿਲੇਬਸ ਬਣਾਉਣ ਵੇਲੇ ਵੀ ਅਣਦੇਖਿਆ ਕਰ ਦਿੱਤਾ ਜਾਂਦਾ ਹੈ।

ਉਦਘਾਟਨੀ ਸਮਾਗਮ ਵਿਚ ਸ਼ਾਮਿਲ ਹੋਏ ਖੋਜਾਰਥੀਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਅਕਾਦਮੀ, ਦਿੱਲੀ ਦੇ ਸੱਕਤਰ, ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਅੱਜ ਦਾ ਪੰਜਾਬੀ ਮਨ ਸੰਵਾਦ ਦੀ ਚਿੰਤਨਸ਼ੀਲ ਸਥਿਤੀ ਤੋਂ ਦੂਰ ਹੋ ਚੁੱਕਾ ਹੈ ਅਤੇ ਅਕਾਦਮਿਕ ਨੈਤਿਕਤਾ ਨੂੰ ਭੁੱਲ ਚੁੱਕਾ ਹੈ। ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ, ਡਾ. ਸਰਬਜੀਤ ਕੌਰ ਸੋਹਲ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਤੋਂ ਡਾ. ਅਮਰਜੀਤ ਸਿੰਘ ਨੇ ਨਿਭਾਈ।

ਅਕਾਦਮਿਕ ਖੋਜ ਅਤੇ ਸਾਹਿਤ ਚਿੰਤਨ ਨੂੰ ਸਮਰਪਣ ਨਾਲ ਸ਼ੁਰੂ ਹੋਇਆ ਸਾਹਿਤ ਉਤਸਵ ੨੦੧੭
ਅਕਾਦਮਿਕ ਖੋਜ ਅਤੇ ਸਾਹਿਤ ਚਿੰਤਨ ਨੂੰ ਸਮਰਪਣ ਨਾਲ ਸ਼ੁਰੂ ਹੋਇਆ ਸਾਹਿਤ ਉਤਸਵ ੨੦੧੭

LEAVE A REPLY