ਪਾਕਿਸਤਾਨ ਸਿੱਖ ਕੌਂਸਲ ਵਲੋਂ ਸਿੰਧ ਅਤੇ ਬਲੋਚਿਸਤਾਨ ਗੁਰਦੁਆਰਾ ਸਾਂਝੀ ਕਮੇਟੀ ਦਾ ਗਠਨ

0
114

  ਪਾਕਿਸਤਾਨ ਸਿੱਖ ਕੌਂਸਲ ਦੇ ਸਹਿਯੋਗ ਨਾਲ ਇੱਕ ਮੀਟਿੰਗ ਸਿੰਧ ਅਤੇ ਬਲੋਚਿਸਤਾਨ ਗੁਰੂਘਰਾਂ ਦੇ ਪ੍ਰਬੰਧਕਾਂ ਦੀ ਸਾਂਝੇ ਤੌਰ ਤੇ ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬ ਸਿੱਖ ਸਭਾ ਵਿੱਚ ਕਾਧਕੋਟ ਸਿੰਧ ਕੀਤੀ ਗਈ । ਜਿਸ ਵਿੱਚ ਸਿੰਧ ਅਤੇ ਬਲੋਚਿਸਤਾਨ ਗੁਰੂਘਰਾਂ ਦੇ ਬਣੇ ਹੋਏ ਨੁਮਾਇੰਦਿਆ ਤੋਂ ਇਲਾਵਾ ਸਥਾਨਕ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ। ਰਮੇਸ਼ ਸਿੰਘ ਖਾਲਸਾ ਮੁੱਖ ਸੇਵਾਦਾਰ ਪਾਕਿਸਤਾਨ ਸਿੱਖ ਕੌਂਸਲ ਨੇ ਫੋਨ ਰਾਹੀਂ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਆਮ ਅਤੇ ਖਾਸ ਗੁਰੂ ਘਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੈ। ਇਸ ਤੋਂ ਇਲਾਵਾ ਕਮਿਊਨਿਟੀ ਨੂੰ ਆਉਣ ਵਾਲੀਆਂ ਤਕਲੀਫਾਂ ਅਤੇ ਸੁਵਿਧਾਵਾਂ ਸਬੰਧੀ ਵੀ ਯਤਨ ਕੀਤੇ ਜਾਣਗੇ ਤਾਂ ਜੋ ਸਿੱਖ ਸੌਖੇ ਤੌਰ ਤੇ ਪਾਕਿਸਤਾਨ ਵਿੱਚ ਵਿਚਰ ਸਕਣ। ਇਸ ਉਪਰਾਲੇ ਨੂੰ ਨੇਪਰੇ ਚਾੜ੍ਹਨ ਲਈ ਰਮੇਸ਼ ਸਿੰਘ ਖਾਲਸਾ ਨੂੰ ਸਨਮਾਨਤ ਵੀ ਕੀਤਾ ਗਿਆ। ਗੌਰਵਤਲਬ ਹੈ ਕਿ ਹਰੇਕ ਗੁਰੂਘਰ ਤੋਂ ਦੋ-ਦੋ ਨੁਮਾਇੰਦੇ ਇਸ ਕਮੇਟੀ ਵਿੱਚ ਲਏ ਜਾਣਗੇ ਜੋ ਸਥਾਨਕ ਮੁਸ਼ਕਲਾਂ ਅਤੇ ਗੁਰੂਘਰਾਂ ਦੀਆਂ ਔਕੜਾਂ ਦਾ ਉਲਥਾ ਲਿਖਤੀ ਰੂਪ ਵਿੱਚ ਇਸ ਕਮੇਟੀ ਨੂੰ ਦੇਣਗੇ। ਜੋ ਕਮੇਟੀ ਸਬੰਧਤ ਮਹਿਕਮੇ ਨਾਲ ਰਾਬਤਾ ਕਾਇਮ ਕਰਕੇ ਇਸ ਦਾ ਹੱਲ ਕਰਵਾਉਣਗੇ। ਸਿੰਧ ਅਤੇ ਬਲੋਚਿਸਤਾਨ ਦੇ ਸਾਰੇ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਸੁਝਾਅ ਪੇਸ਼ ਕੀਤੇ ਅਤੇ ਸਾਂਝੀ ਸੰਸਥਾ ਨੂੰ ਰਜਿਸਟਰ ਕਰਕੇ ਇਸ ਨੂੰ ਅਮਲੀ ਰੂਪ ਦੇਣ ਦਾ ਵਾਅਦਾ ਕੀਤਾ ਹੈ। ਆਸ ਹੈ ਕਿ ਇਹ ਸਾਂਝੀ ਸੰਸਥਾ ਪਾਕਿਸਤਾਨ ਦੇ ਸਿੱਖਾਂ ਲਈ ਬਿਹਤਰੀ ਨਾਲ ਕੰਮ ਕਰੇਗੀ ਅਤੇ ਗੁਰੂਘਰਾਂ ਦੇ ਵਿਕਾਸ ਲਈ ਲਾਹੇਵੰਦ ਸਾਬਤ ਹੋਵੇਗੀ।

LEAVE A REPLY